International Students accommodation:  ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੀਂਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਪਹਿਲਾਂ ਟਰੂਡੋ ਸਰਕਾਰ ਨੇ ਇਹਨਾਂ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਸੀ ਤਾਂ ਹੁਣ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ।



ਕੈਨੇਡਾ ਸਰਕਾਰ ਨੇ ਪਹਿਲਾਂ ਸਟੂਡੈਂਟ ਵੀਜ਼ਾ 'ਚ ਕਟੌਤੀ ਕੀਤੀ ਤੇ ਉਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਫੰਡਾਂ 'ਚ ਦੁੱਗਣਾ ਵਾਧਾ ਕੀਤਾ ਸੀ ਤਾਂ ਹੁਣ ਰਾਹਤ ਦੀ ਖ਼ਬਰ ਹੈ ਕਿ ਓਂਟਾਰੀਓ ਸਰਕਾਰ ਨੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ ਉਹ ਸਾਰ ਵਿਦੇਸ਼ੀ ਵਿਦਿਆਰਥੀਆਂ ਲਈ ਰਿਹਾਇਸ਼ ਦੀ ਗਾਰੰਟੀ ਦੇਣ।



ਦੇਖਿਆ ਜਾਵੇ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਰਿਕਾਰਡ ਆਮਦ ਨੇ ਕੈਨੇਡਾ ਵਿੱਚ ਰਿਹਾਇਸ਼ ਦੀ ਘਾਟ ਨੂੰ ਵਧਾ ਦਿੱਤਾ ਹੈ। ਜਿਸ ਕਰਕੇ ਸਟੂਡੈਂਟ ਵੀਜ਼ਾ 'ਚ ਕਟੌਤੀ ਕਰਨੀ ਪਈ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ 'ਚ ਕਟੌਤੀ ਕਰਦਿਆਂ ਸਰਕਾਰ ਨੇ ਦਾਖਲੇ ਨੂੰ 35 ਪ੍ਰਤੀਸ਼ਤ ਘਟਾ ਕੇ ਲਗਭਗ 360,000 ਕਰ ਦਿੱਤਾ ਹੈ। ਗ੍ਰੈਜੂਏਸ਼ਨ ਤੋਂ ਬਾਅਦ ਕੁਝ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣਾ ਵੀ ਬੰਦ ਕਰ ਦੇਵੇਗਾ। 


 
ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀਮਤ ਕਰਨ ਦੇ ਕਦਮ ਨਾਲ ਵਧਦੇ ਕਿਰਾਏ ਦੀ ਚੁਣੌਤੀ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ। 


ਓਂਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਓਂਟਾਰੀਓ ਵਿੱਚ ਅੰਤਰਰਾਸ਼ਟਰੀ  ਵਿਦਿਆਰਥੀਆਂ ਦੀ ਵੱਡੀ ਮਾਤਰਾ ਵਾਲੀਆਂ ਪੋਸਟ-ਸੈਕੰਡਰੀ ਸੰਸਥਾਵਾਂ ਨੂੰ ਵੀ ਸਮੀਖਿਆ ਲਈ ਆਪਣੇ ਪ੍ਰੋਗਰਾਮ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ। 


ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿੱਚ ਸਾਲਾਨਾ ਲਗਭਗ 22 ਬਿਲੀਅਨ ਕੈਨੇਡੀਅਨ ਡਾਲਰ (16.4 ਬਿਲੀਅਨ ਡਾਲਰ) ਦਾ ਯੋਗਦਾਨ ਪਾਉਂਦੇ ਹਨ ਅਤੇ ਉਹਨਾਂ ਨੂੰ ਵਿਦਿਅਕ ਸੰਸਥਾਵਾਂ ਲਈ ਮਹੱਤਵਪੂਰਨ ਨਿਵੇਸ਼ਕ  ਵਜੋਂ ਦੇਖਿਆ ਜਾਂਦਾ ਹੈ। 



ਪਰ ਫੈਡਰਲ ਸਰਕਾਰ ਸਿੱਖਿਆ ਦੀ ਗੁਣਵੱਤਾ ਅਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਚਿੰਤਤ ਹੈ। ਓਂਟਾਰੀਓ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਮੰਤਰੀ ਜਿਲ ਡਨਲੌਪ ਨੇ ਇੱਕ ਬਿਆਨ ਵਿੱਚ ਕਿਹਾ ਕਿ  ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਹਾਲ ਹੀ ਵਿੱਚ ਵਧ ਰਹੇ ਵਾਧੇ ਤੋਂ ਪੈਦਾ ਹੋਈਆਂ ਚੁਣੌਤੀਆਂ, ਜਿਨ੍ਹਾਂ ਵਿੱਚ "ਧੋਖਾਧੜੀ ਜ਼ਰੀਏ ਭਰਤੀ ਕਰਨ ਵਾਲੇ ਸ਼ਿਕਾਰੀਆਂ, ਨਾਗਰਿਕਤਾ ਅਤੇ ਸਥਾਈ ਨਿਵਾਸ ਬਾਰੇ ਗ਼ਲਤ ਜਾਣਕਾਰੀ, ਗਾਰੰਟੀਸ਼ੁਦਾ ਰੁਜ਼ਗਾਰ ਦੇ ਝੂਠੇ ਵਾਅਦੇ ਅਤੇ ਨਾਕਾਫ਼ੀ ਰਿਹਾਇਸ਼ ਸ਼ਾਮਲ ਹਨ, ਦੇ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।