Canada-India Diplomatic Row: ਕੈਨੇਡਾ ਨੇ ਅੱਜ ਤੋਂ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਭਾਰਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਬਹੁਤ ਸਾਰੇ ਕੈਨੇਡੀਅਨਾਂ ਲਈ ਚਿੰਤਾ ਭਰੇ ਸਮੇਂ ਤੋਂ ਬਾਅਦ ਚੰਗਾ ਸੰਕੇਤ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਤੋਂ ਅਪਲਾਈ ਕਰਨ ਵਾਲੇ ਕੈਨੇਡੀਅਨਾਂ ਲਈ ਕੁਝ ਕਿਸਮ ਦੀਆਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨਗੇ।


ਭਾਰਤ ਨੇ ਬੁੱਧਵਾਰ ਨੂੰ ਕੈਨੇਡਾ ਵਿੱਚ ਕੁਝ ਸ਼੍ਰੇਣੀਆਂ ਵਿੱਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕੀਤੀਆਂ, ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਸਨ। ਫਿਲਹਾਲ ਭਾਰਤ ਨੇ ਵੀਰਵਾਰ ਤੋਂ ਐਂਟਰੀ ਵੀਜ਼ਾ, ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ ਅਤੇ ਕਾਰੋਬਾਰੀ ਵੀਜ਼ਾ ਸ਼੍ਰੇਣੀਆਂ ਵਿੱਚ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਾਰ ਸ਼੍ਰੇਣੀਆਂ ਦੀਆਂ ਵੀਜ਼ਾ ਸੇਵਾਵਾਂ ਨੂੰ ਬਹਾਲ ਕਰਨ ਦਾ ਫੈਸਲਾ ਸੁਰੱਖਿਆ ਸਥਿਤੀ ਦੇ ਮੁਲਾਂਕਣ ਅਤੇ ਇਸ ਸਬੰਧ ਵਿੱਚ ਕੈਨੇਡਾ ਵੱਲੋਂ ਹਾਲ ਹੀ ਵਿੱਚ ਚੁੱਕੇ ਗਏ ਕਦਮਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਐਮਰਜੈਂਸੀ ਕੇਸਾਂ ਦਾ ਨਿਪਟਾਰਾ ਹਾਈ ਕਮਿਸ਼ਨ ਅਤੇ ਕੌਂਸਲੇਟ ਜਨਰਲ ਦੁਆਰਾ ਕੀਤਾ ਜਾਵੇਗਾ। ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇਰੀ ਫੈਸਲਾ ਲਿਆ ਜਾਵੇਗਾ।


ਦੱਸ ਦੇਈਏ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡੀਅਨ ਪੀਐਮ ਜਸਟਿਨ ਟਰੂਡੋ ਦੇ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਆ ਗਿਆ ਸੀ। ਕੈਨੇਡਾ 'ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਨੇ 21 ਸਤੰਬਰ ਨੂੰ ਉੱਥੇ ਵੀਜ਼ਾ ਸੇਵਾਵਾਂ 'ਤੇ ਅਸਥਾਈ ਰੋਕ ਲਗਾ ਦਿੱਤੀ ਸੀ। ਕੁਝ ਦਿਨ ਪਹਿਲਾਂ ਹੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਸੀ ਕਿ ਜਦੋਂ ਭਾਰਤ ਨੂੰ ਲੱਗੇਗਾ ਕਿ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਤਰੱਕੀ ਹੋ ਰਹੀ ਹੈ ਤਾਂ ਵੀਜ਼ਾ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਅਜਿਹਾ ਜਲਦੀ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਨਾਲ ਭਾਰਤ ਦੇ ਰਿਸ਼ਤੇ ਔਖੇ ਸਮੇਂ ਵਿੱਚ ਹਨ ਪਰ ਕੂਟਨੀਤਕ ਮੌਜੂਦਗੀ ਵਿੱਚ ਬਰਾਬਰੀ ਦੀ ਮੰਗ ਭਾਰਤ ਲਈ ਬਹੁਤ ਮਹੱਤਵਪੂਰਨ ਸੀ। ਜੈਸ਼ੰਕਰ ਨੇ ਕਿਹਾ ਸੀ ਕਿ ਕੈਨੇਡਾ ਦਾ ਡਿਪਲੋਮੈਟਿਕ ਸਟਾਫ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰ ਰਿਹਾ ਹੈ।


ਨਿਊਜ਼ੀਲੈਂਡ ਹੁਣ ਭਾਰਤ ਵਿੱਚ ਕੈਨੇਡੀਅਨ ਡਿਪਲੋਮੈਟਾਂ ਦੀ ਬਰਾਬਰ ਗਿਣਤੀ ਦੇ ਮੁੱਦੇ 'ਤੇ ਕੈਨੇਡਾ ਦੇ ਨਾਲ ਖੜ੍ਹਾ ਨਜ਼ਰ ਆਇਆ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, 'ਅਸੀਂ ਚਿੰਤਤ ਹਾਂ ਕਿ ਭਾਰਤ ਕੈਨੇਡਾ ਤੋਂ ਉੱਥੇ ਆਪਣੀ ਡਿਪਲੋਮੈਟਿਕ ਮੌਜੂਦਗੀ ਘਟਾਉਣ ਦੀ ਮੰਗ ਕਰ ਰਿਹਾ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਕੈਨੇਡੀਅਨ ਡਿਪਲੋਮੈਟ ਭਾਰਤ ਛੱਡ ਚੁੱਕੇ ਹਨ।