ਵੈਨਕੂਵਰ: ਕੈਨੇਡਾ ਸਰਕਾਰ ਵੱਲੋਂ ਬੀਤੇ ਦਿਨੀਂ ਸਾਲ 2018 ਦੀ ਲੋਕ ਸੁਰੱਖਿਆ ਰਿਪੋਰਟ ’ਚ ਸਿੱਖਾਂ ਨਾਲ ਅੱਤਵਾਦੀ ਤੇ ਖ਼ਾਲਿਸਤਾਨੀ ਸ਼ਬਦ ਜੋੜਨ 'ਤੇ ਟਰੂਡੋ ਦੇ ਹੀ ਸਾਥੀ ਨੇ ਆਵਾਜ਼ ਬੁਲੰਦ ਕੀਤੀ ਹੈ। ਲਿਬਰਲ ਪਾਰਟੀ ਦੇ ਸਰੀ ਕੇਂਦਰੀ ਹਲਕੇ ਤੋਂ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਸਿੱਖਾਂ ਨਾਲ ਅਜਿਹੇ ਸ਼ਬਦ ਜੋੜੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।


ਸਰਾਏ ਨੇ ਕਿਹਾ ਕਿ ਕੈਨੇਡਾ ਵੱਸਦੇ ਸਿੱਖ ਅਮਨ-ਸ਼ਾਂਤੀ ਨਾਲ ਦੇਸ਼ ਨੂੰ ਆਪਣਾ ਘਰ ਸਮਝਦੇ ਹਨ। ਉਨ੍ਹਾਂ ਕਿਹਾ ਕਿ 31 ਸਫ਼ਿਆਂ ਦੀ ਰਿਪੋਰਟ ਨੂੰ ਘੋਖਣ ਤੋਂ ਬਾਅਦ ਇਹੀ ਪ੍ਰਭਾਵ ਬਣਦਾ ਹੈ ਕਿ ਲੋਕਾਂ ਦਾ ਸਿੱਖਾਂ ਬਾਰੇ ਗ਼ਲਤ ਨਜ਼ਰੀਆ ਬਣਿਆ ਹੋਇਆ ਹੈ, ਜਿਸ ਨੂੰ ਬਦਲਣ ਦੀ ਲੋੜ ਹੈ। ਇਸ ਲਈ ਸਿੱਖਾਂ ਨਾਲੋਂ ਅੱਤਵਾਦੀ ਤੇ ਖ਼ਾਲਿਸਤਾਨੀ ਸ਼ਬਦਾਂ ਨੂੰ ਨਿਖੇੜਨ ਦੀ ਲੋੜ ਹੈ।

ਸਬੰਧਤ ਖ਼ਬਰ: ਕੈਨੇਡਾ ਨੂੰ ਆਇਆ ਖ਼ਾਲਿਸਤਾਨੀਆਂ ਤੋਂ ਭੈਅ, ਸਰਕਾਰ ਨੂੰ ਕੀਤਾ ਚੌਕਸ

ਹਾਊਸ ਆਫ਼ ਕਾਮਨਜ਼ ਦੇ ਮੈਂਬਰ ਨੇ ਕਿਹਾ ਕਿ 35 ਸਾਲ ਪਹਿਲਾਂ ਕੈਨੇਡਾ ’ਚ ਵਾਪਰੀ ਘਟਨਾ (ਕਨਿਸ਼ਕ ਕਾਂਡ) ਨੂੰ ਮੌਜੂਦਾ ਦੌਰ 'ਚ ਵੇਖਣਾ ਅਤੇ ਯਾਦ ਕਰਨਾ ਚੰਗੀ ਤੇ ਨਿਰਪੱਖਤਾ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੋਂ ਤੋਂ ਕੈਨੇਡਾ ’ਚ ਹੋਈ ਕਿਸੇ ਵੀ ਅੱਤਵਾਦੀ ਕਾਰਵਾਈ ’ਚ ਕਿਸੇ ਸਿੱਖ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ। ਇਸ ਲਈ ਅਜਿਹੇ ਸ਼ਬਦ ਵਰਤਣਾ ਮੰਦਭਾਗਾ ਹੈ।

ਸਰਾਏ ਨੇ ਦੱਸਿਆ ਕਿ ਉਨ੍ਹਾਂ ਕਈ ਸੰਸਦ ਮੈਂਬਰਾਂ ਨੇ ਪਬਲਿਕ ਸੇਫ਼ਟੀ ਬਾਰੇ ਕੇਂਦਰੀ ਮੰਤਰੀ ਰੌਲਫ ਗੂਡੇਲ ਨਾਲ ਮੀਟਿੰਗ ਕਰ ਕੇ ਇਨ੍ਹਾਂ ਸ਼ਬਦਾਂ ਬਾਰੇ ਇਤਰਾਜ਼ ਪ੍ਰਗਟਾਇਆ ਹੈ ਅਤੇ ਇਨ੍ਹਾਂ ਨੂੰ ਰਿਪੋਰਟ ’ਚੋਂ ਇਹ ਸ਼ਬਦ ਹਟਾਏ ਜਾਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਬੀਤੇ ਦਿਨ ਜਾਰੀ ਕੀਤੀ ਰਿਪੋਰਟ ਵਿੱਚ ਸਿੱਖ (ਖ਼ਾਲਿਸਤਾਨੀ) ਕੱਟੜਵਾਦ ਤੋਂ ਖ਼ਤਰਾ ਵੀ ਮੰਨਿਆ ਹੈ।