India Canada Conflict: ਭਾਰਤ 'ਤੇ ਬੇਬੁਨਿਆਦ ਦੋਸ਼ ਲਾਉਣ ਵਾਲੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨਾਲ ਤਣਾਅ ਵਿਚਾਲੇ ਇਕ ਵਾਰ ਫਿਰ ਵੱਡਾ ਬਿਆਨ ਦਿੱਤਾ ਹੈ। ਭਾਰਤ ਵਿਰੁੱਧ ਆਪਣੇ ਜ਼ਹਿਰੀਲੇ ਬਿਆਨ ਨੂੰ ਲੈ ਕੇ ਅਲੱਗ-ਥਲੱਗ ਰਹਿਣ ਤੋਂ ਬਾਅਦ ਟਰੂਡੋ ਨੂੰ ਭਾਰਤ ਦੀ ਤਾਕਤ ਦਾ ਅਹਿਸਾਸ ਹੋ ਗਿਆ ਹੈ। ਭਾਰਤ ਦੇ ਹਰਕਤ 'ਚ ਆਉਂਦੇ ਹੀ ਟਰੂਡੋ ਦਾ ਰਵੱਈਆ ਨਰਮ ਹੋਣਾ ਸ਼ੁਰੂ ਹੋ ਗਿਆ, ਆਪਣੇ ਬਿਆਨਾਂ ਰਾਹੀਂ ਭਾਰਤ 'ਤੇ ਗੁੱਸਾ ਕੱਢਣ ਵਾਲੇ ਟਰੂਡੋ ਵਾਰ-ਵਾਰ ਆਪਣੇ ਬਿਆਨਾਂ 'ਤੇ ਸਪੱਸ਼ਟੀਕਰਨ ਦੇ ਰਹੇ ਹਨ, ਹੁਣ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਾ ਅਸਰ ਕਾਰੋਬਾਰ 'ਤੇ ਵੀ ਨਜ਼ਰ ਆ ਰਿਹਾ ਹੈ। ਕਈ ਭਾਰਤੀ ਕੰਪਨੀਆਂ ਨੇ ਕੈਨੇਡਾ ਵਿੱਚ ਆਪਣੇ ਕਾਰੋਬਾਰ ਤੋਂ ਹਟਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਦੀ ਸਖ਼ਤੀ ਤੋਂ ਬਾਅਦ ਕੈਨੇਡੀਅਨ ਪੀਐਮ ਦੇ ਸੁਰ ਬਦਲ ਗਏ ਹਨ। ਹਾਲਾਤ ਵਿਗੜਦੇ ਦੇਖ ਟਰੂਡੋ ਨੇ ਹੁਣ ਭਾਰਤ ਨਾਲ ਦੋਸਤੀ ਦੀ ਅਪੀਲ ਕੀਤੀ ਹੈ।


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ (22 ਸਤੰਬਰ) ਨੂੰ ਕਿਹਾ ਕਿ ਕੈਨੇਡਾ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਕਥਿਤ ਸ਼ਮੂਲੀਅਤ ਬਾਰੇ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।


ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮਿਰ ਜ਼ੇਲੇਨਸਕੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ, ‘ਭਾਰਤ ਦੇ ਸਬੰਧ ਵਿੱਚ, ਕੈਨੇਡਾ ਨੇ ਉਨ੍ਹਾਂ ਭਰੋਸੇਯੋਗ ਦੋਸ਼ਾਂ ਨੂੰ ਸਾਂਝਾ ਕੀਤਾ ਹੈ, ਜਿਨ੍ਹਾਂ ਬਾਰੇ ਮੈਂ ਪਹਿਲਾਂ ਗੱਲ ਕੀਤੀ ਸੀ। ਅਸੀਂ ਕਈ ਹਫ਼ਤੇ ਪਹਿਲਾਂ ਭਾਰਤ ਨਾਲ ਅਜਿਹਾ ਕੀਤਾ ਸੀ। ਅਸੀਂ ਭਾਰਤ ਨਾਲ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਸ਼ਾਮਲ ਹੋਣਗੇ ਤਾਂ ਜੋ ਅਸੀਂ ਇਸ ਗੰਭੀਰ ਮਾਮਲੇ ਦੀ ਤਹਿ ਤੱਕ ਪਹੁੰਚ ਸਕੀਏ।


ਭਾਰਤ ਨੇ ਕਿਹਾ ਸੀ ਇਸ ਨੂੰ 'ਬੇਤੁਕਾ' ਅਤੇ 'ਪ੍ਰੇਰਿਤ' 



ਸੋਮਵਾਰ ਨੂੰ ਜਸਟਿਨ ਟਰੂਡੋ ਨੇ ਭਾਰਤ 'ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਖਾਲਿਸਤਾਨੀ ਸਮੱਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।


ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਦੱਸਿਆ ਸੀ।