ਕਾਬੁਲ: ਪਿਛਲੇ ਦਿਨੀਂ ਅਫ਼ਗ਼ਾਨਿਸਤਾਨ ਵਿੱਚ ਜਲਾਲਾਬਾਦ ਦੇ ਪੂਰਬੀ ਸ਼ਹਿਰ ’ਚ ਸਿੱਖਾਂ ਤੇ ਹਿੰਦੂਆਂ ’ਤੇ ਹੋਏ ਆਤਮਘਾਤੀ ਹਮਲੇ ਬਾਅਦ ਉੱਥੇ ਵੱਸਦੇ ਸਿੱਖ ਭਾਰਤ ਵੱਲ ਰੁਖ਼ ਕਰ ਰਹੇ ਹਨ। ਸਥਾਨਕ ਦੁਕਾਨਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਹਮਲੇ ਬਾਅਦ ਕੁਝ ਸਿੱਖਾਂ ਨੇ ਸ਼ਹਿਰ ਦੇ ਭਾਰਤੀ ਦੂਤਾਵਾਸ ਵਿੱਚ ਪਨਾਹ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੇ ਵਿਕਲਪ ਬਚੇ ਹਨ, ਪਹਿਲਾ ਅਫ਼ਗ਼ਾਨਿਸਤਾਨ ਛੱਡ ਕੇ ਭਾਰਤ ਲਈ ਰਵਾਨਾ ਹੋਣਾ ਤੇ ਦੂਜਾ ਇਸਲਾਮ ਧਰਮ ਕਬੂਲ ਕਰਨਾ। ਯਾਦ ਰਹੇ ਕਿ ਅਫ਼ਗ਼ਾਨਿਸਤਾਨ ਵਿੱਚ ਸਿੱਖਾਂ ਦੀ ਗਿਣਤੀ 300 ਤੋਂ ਵੀ ਘੱਟ ਹੈ।

ਇਸ ਸੰਬਧੀ 35 ਸਾਲਾ ਤੇਜਵੀਰ ਸਿੰਘ, ਜਿਸ ਦਾ ਚਾਚਾ ਧਮਾਕੇ ਵਿੱਚ ਮਾਰਿਆ ਗਿਆ, ਨੇ ਕਿਹਾ ਕਿ ਉਹ ਸਪਸ਼ਟ ਹਨ ਕਿ ਹੁਣ ਉਨ੍ਹਾਂ ਲਈ ਅਫ਼ਗ਼ਾਨਿਸਤਾਨ ਵਿੱਚ ਰਹਿਣਾ ਮੁਸ਼ਕਲ ਹੈ। ਉਸ ਨੇ ਦੱਸਿਆ ਕਿ ਇਸਲਾਮਿਕ ਸਟੇਟ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਬਰਦਾਸ਼ਤ ਕਰਨ ਲਈ ਤਿਆਰ ਨਹੀਂ। ਉਹ ਅਫ਼ਗ਼ਾਨੀ ਹਨ, ਇੱਥੋਂ ਤਕ ਕਿ ਅਫ਼ਗ਼ਾਨ ਸਰਕਾਰ ਵੀ ਉਨ੍ਹਾਂ ਨੂੰ ਮਾਨਤਾ ਦਿੰਦੀ ਹੈ। ਪਰ ਇਸਲਾਮਿਕ ਸਟੇਟ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਕਿਉਂਕ ਉਹ ਮੁਸਲਮਾਨ ਨਹੀਂ ਹਨ।

ਉੱਧਰ ਅਫ਼ਗ਼ਾਨਿਸਤਾਨ ਵਿੱਚ ਕਾਰੋਬਾਰੀ ਸਿੱਖਾਂ, ਜਿਨ੍ਹਾਂ ਦਾ ਭਾਰਤ ਨਾਲ ਕੋਈ ਰਾਬਤਾ ਨਹੀਂ, ਦਾ ਅਫ਼ਗ਼ਾਨਿਸਤਾਨ ਛੱਡਣ ਬਾਰੇ ਕੋਈ ਵਿਚਾਰ ਨਹੀਂ ਹੈ। ਕਾਬੁਲ ਵਿੱਚ ਸਿੱਖ ਦੁਕਨਦਾਰ ਸੰਦੀਪ ਸਿੰਘ ਨੇ ਕਿਹਾ ਕਿ ਉਹ ਡਰਪੋਕ ਨਹੀਂ ਹਨ, ਅਫ਼ਗ਼ਾਨਿਸਤਾਨ ਹੀ ਉਨ੍ਹਾਂ ਦਾ ਮੁਲਕ ਹੈ ਤੇ ਉਹ ਕਿਸੀ ਹਾਲਤ ਵਿੱਚ ਆਪਣਾ ਮੁਲਕ ਛੱਡਣ ਲਈ ਤਿਆਰ ਨਹੀਂ ਹਨ।

ਭਾਰਤ ਨੇ ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਲਈ ਲੰਮੇ ਸਮੇਂ ਦੇ ਵੀਜ਼ੇ ਜਾਰੀ ਕੀਤੇ ਹਨ। ਅਫ਼ਗ਼ਾਨਿਸਤਾਨ ਵਿੱਚ ਭਾਰਤ ਦੇ ਰਾਜਦੂਤ ਵਿਨੈ ਕੁਮਾਰ ਨੇ ਦੱਸਿਆ ਕਿ ਅਫ਼ਗ਼ਾਨੀ ਸਿੱਖ ਬਿਨਾਂ ਕਿਸੇ ਹੱਦ ਭਾਰਤ ਵਿੱਚ ਰਹਿ ਸਕਦੇ ਹਨ। ਫ਼ੈਸਲਾ ਉਨ੍ਹਾਂ ਨੇ ਲੈਣਾ ਹੈ। ਉਹ ਉਨ੍ਹਾਂ ਦੀ ਹਰ ਹਾਲਤ ਵਿੱਚ ਮਦਦ ਕਰਨ ਲਈ ਤਿਆਰ ਹਨ। ਕੁਮਾਰ ਨੇ ਕਿਹਾ ਕਿ ਸਰਕਾਰ ਬੰਬ ਧਮਾਕੇ ਵਿੱਚ ਮਾਰੇ ਸਿੱਖਾਂ ਦੇ ਅੰਤਿਮ ਸਸਕਾਰ ਵਿੱਚ ਵੀ ਮਦਦ ਕਰ ਰਹੀ ਹਨ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿੱਚ ਆਤਮਘਾਤੀ ਬੰਬ ਧਮਾਕੇ ’ਚ 20 ਜਣਿਆਂ ਦੀ ਮੌਤ ਹੋ ਗਈ ਤੇ ਤਕਰੀਬਨ 20 ਜਣੇ ਹੀ ਜ਼ਖ਼ਮੀ ਹੋ ਗਏ ਸਨ। ਮਾਰੇ ਗਏ 20 ਜਣਿਆਂ ਵਿੱਚੋਂ 12 ਸਿੱਖ ਤੇ ਬਾਕੀ ਹਿੰਦੂ ਹਨ। ਹਮਲੇ ਵਿੱਚ ਸਥਾਨਕ ਸਿੱਖ ਲੀਡਰ ਅਵਤਾਰ ਸਿੰਘ ਖ਼ਾਲਸਾ ਦੀ ਵੀ ਮੌਤ ਹੋ ਗਈ ਸੀ। ਅਵਤਾਰ ਸਿੰਘ ਖ਼ਾਲਸਾ ਇਸ ਸਾਲ ਅਕਤੂਬਰ ਤੋਂ ਸੰਸਦ ਮੈਂਬਰ ਵਜੋਂ ਨਾਮਜ਼ਦ ਹੋ ਚੁੱਕੇ ਸਨ। ਸਨ। ਉਨ੍ਹਾਂ ਦੇ ਇਲਾਵਾ ਸਿੱਖ ਭਾਈਚਾਰੇ ਦੇ ਕਾਰਕੁੰਨ ਰਵੇਲ ਸਿੰਘ ਵੀ ਹਮਲੇ ਦਾ ਸ਼ਿਕਾਰ ਹੋਏ।

ਆਤਮਘਾਤੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਸ਼ਰਫ ਗ਼ਨੀ ਨਾਲ ਮੁਲਾਕਾਤ ਕਰਨ ਜਾ ਰਹੇ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ। ਬੀਤੇ ਦਿਨ ਜਾਰੀ ਕੀਤੇ ਬਿਆਨ ‘ਚ ਅੱਤਵਾਦੀ ਸੰਗਠਨ ਨੇ ਕਿਹਾ ਧਾਰਮਿਕ ਕੱਟੜਤਾ ਦੇ ਚੱਲਦਿਆਂ ਅਫਗਾਨਿਸਤਾਨ ‘ਚ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਆਈਐਸ ਦਾ ਮੰਨਣਾ ਹੈ ਕਿ ਇਹ ਲੋਕ (ਹਿੰਦੂ ਤੇ ਸਿੱਖ) ਇੱਕ ਤੋਂ ਵੱਧ ਦੇਵਤਾਵਾਂ ਨੂੰ ਪੂਜਦੇ ਹਨ।