ਚੇਨਈ: ਚੰਦਰਯਾਨ-2 ਸਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਜਾਰੀ ਬਿਆਨ ਤੋਂ ਬਾਅਦ ਵਿਕਰਮ ਲੈਂਡਰ ਦੀ ਸਥਿਤੀ ਬਾਰੇ ਨਵੀਂ ਜਾਣਕਾਰੀ ਇੱਕ ਵਾਰ ਫਿਰ ਸਾਹਮਣੇ ਆਉਣ ਜਾ ਰਹੀ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਵਿਕਰਮ ਬਾਰੇ ਕੁਝ ਜਾਣਕਾਰੀ ਦੇਣ ਦੀ ਉਮੀਦ ਜਤਾਈ ਹੈ, ਕਿਉਂਕਿ ਉਸ ਦਾ ਲੂਨਰ ਰਿਕਨੈਸੈਂਸ ਆਰਬਿਟਰ (ਐਲਆਰਓ) ਉਸੇ ਜਗ੍ਹਾ ਤੋਂ ਲੰਘੇਗਾ, ਜਿੱਥੇ ਭਾਰਤੀ ਲੈਂਡਰ ਵਿਕਰਮ ਦੇ ਡਿੱਗਣ ਦੀ ਸੰਭਾਵਨਾ ਜਤਾਈ ਗਈ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਜਲਦੀ ਹੀ ਭਾਰਤੀ ਮੂਨ ਲੈਂਡਰ ਵਿਕਰਮ ਦੀ ਸਥਿਤੀ ਬਾਰੇ ਜਾਣਕਾਰੀ ਦੇ ਸਕੇਗੀ।
ਯੂਐਸ ਪੁਲਾੜ ਏਜੰਸੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਸ ਦਾ ਐਲਆਰਓ 17 ਸਤੰਬਰ ਨੂੰ ਵਿਕਰਮ ਦੇ ਲੈਂਡਿੰਗ ਸਾਈਟ ਤੋਂ ਲੰਘਿਆ ਸੀ ਤੇ ਉਸ ਖੇਤਰ ਦੀਆਂ ਹਾਈ-ਰੈਜ਼ੋਲੇਸ਼ਨ ਫੋਟੋਆਂ ਮਿਲੀਆਂ ਸੀ। ਨਾਸਾ ਨੇ ਕਿਹਾ ਹੈ ਕਿ ਲੂਨਰ ਰਿਕਨੈਸੈਂਸ ਆਰਬਿਟਰ ਕੈਮਰਾ ਦੀ ਟੀਮ ਨੂੰ ਹਾਲਾਂਕਿ ਲੈਂਡਰ ਦੀ ਸਥਿਤੀ ਜਾਂ ਤਸਵੀਰ ਨਹੀਂ ਮਿਲ ਸਕੀ ਸੀ।
ਨਾਸਾ ਨੇ ਕਿਹਾ ਹੈ, ‘ਜਦੋਂ ਸਾਡਾ ਆਰਬਿਟਰ ਲੈਂਡਿੰਗ ਏਰੀਆ ਵਿੱਚੋਂ ਲੰਘਿਆ ਤਾਂ ਉੱਧੇ ਧੁੰਦ ਸੀ ਤੇ ਇਸ ਲਈ ਜ਼ਿਆਦਾਤਰ ਹਿੱਸਾ ਪਰਛਾਵੇਂ ਵਿੱਚ ਲੁਕ ਗਿਆ ਸੀ। ਇਹ ਸੰਭਵ ਹੈ ਕਿ ਵਿਕਰਮ ਲੈਂਡਰ ਪਰਛਾਵੇਂ ਵਿੱਚ ਲੁਕਿਆ ਹੋਇਆ ਹੋਵੇ। ਜਦੋਂ ਐਲਆਰਓ ਅਕਤੂਬਰ ਵਿੱਚ ਉਥੋਂ ਲੰਘੇਗਾ, ਤਾਂ ਉਥੇ ਰੌਸ਼ਨੀ ਅਨੁਕੂਲ ਹੋਵੇਗੀ ਤੇ ਇਕ ਵਾਰ ਫਿਰ ਲੈਂਡਰ ਦੀ ਸਥਿਤੀ ਜਾਂ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ।'