iPhone in India: ਅਮਰੀਕਾ ਵੱਲੋਂ ਛੇੜੀ ਟੈਰਿਫ ਵਾਰ ਦੌਰਾਨ ਚੀਨ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਚੀਨ ਨੇ ਭਾਰਤ ਅੰਦਰ ਆਈਫੋਨ ਦੇ ਨਿਰਮਾਣ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤਹਿਤ ਚੀਨ ਨੇ ਭਾਰਤ ਅੰਦਰ ਆਈਫੋਨ ਦਾ ਨਿਰਮਾਣ ਕਰ ਰਹੇ ਆਪਣੇ ਇੰਜਨੀਅਰਾਂ ਤੇ ਤਕਨੀਸ਼ਨਾਂ ਨੂੰ ਵਾਪਸ ਬੁਲਾ ਲਿਆ ਹੈ। ਇਸ ਨਾਲ ਆਈਫੋਨ ਦਾ ਨਿਰਮਾਣ ਪ੍ਰਭਾਵਿਤ ਹੋਏਗਾ। ਇਸ ਦੇ ਨਾਲ ਹੀ ਐਪਲ ਕੰਪਨੀ ਦੀ ਉਤਪਾਦਨ ਵਧਾਉਣ ਦੀ ਪਲਾਨਿੰਗ ਨੂੰ ਵੀ ਧੱਕਾ ਲੱਗੇਗਾ। 

ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਇਸ ਐਕਸ਼ਨ ਨਾਲ ਭਾਰਤ ਵਿੱਚ ਆਈਫੋਨ ਉਤਪਾਦਨ ਵਧਾਉਣ ਦੀ ਐਪਲ ਦੀ ਯੋਜਨਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਫੌਕਸਕੌਨ ਨੇ ਭਾਰਤ ਵਿੱਚ ਆਪਣੇ ਆਈਫੋਨ ਪਲਾਂਟਾਂ ਤੋਂ ਸੈਂਕੜੇ ਚੀਨੀ ਇੰਜੀਨੀਅਰਾਂ ਤੇ ਟੈਕਨੀਸ਼ੀਅਨਾਂ ਨੂੰ ਵਾਪਸ ਬੁਲਾ ਲਿਆ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਦੱਖਣੀ ਭਾਰਤ ਵਿੱਚ ਸਥਿਤ ਫੌਕਸਕੌਨ ਦੇ ਆਈਫੋਨ ਪਲਾਂਟਾਂ ਵਿੱਚ ਤਾਇਨਾਤ ਜ਼ਿਆਦਾਤਰ ਚੀਨੀ ਕਰਮਚਾਰੀਆਂ ਨੂੰ ਦੋ ਮਹੀਨੇ ਪਹਿਲਾਂ ਵਾਪਸ ਆਉਣ ਲਈ ਕਿਹਾ ਗਿਆ ਸੀ। 

ਹੁਣ ਤੱਕ 300 ਤੋਂ ਵੱਧ ਚੀਨੀ ਕਰਮਚਾਰੀ ਭਾਰਤ ਛੱਡ ਚੁੱਕੇ ਹਨ। ਵਰਤਮਾਨ ਵਿੱਚ, ਫੈਕਟਰੀ ਸੰਚਾਲਨ ਤਾਈਵਾਨੀ ਸਹਾਇਤਾ ਸਟਾਫ ਦੁਆਰਾ ਸੰਭਾਲਿਆ ਜਾ ਰਿਹਾ ਹੈ। ਦੱਸ ਦਈਏ ਕਿ ਦੱਖਣੀ ਭਾਰਤ ਵਿੱਚ ਫੌਕਸਕੌਨ ਦਾ ਪਲਾਂਟ ਭਾਰਤ ਵਿੱਚ ਬਣੇ ਜ਼ਿਆਦਾਤਰ ਆਈਫੋਨ ਅਸੈਂਬਲ ਕਰਦਾ ਹੈ। ਟਾਟਾ ਗਰੁੱਪ ਦੀ ਇਲੈਕਟ੍ਰਾਨਿਕਸ ਨਿਰਮਾਣ ਸ਼ਾਖਾ, ਜਿਸ ਨੇ ਵਿਸਟ੍ਰੋਨ ਨੂੰ ਐਕੁਆਇਰ ਕੀਤਾ ਹੈ ਤੇ ਪੈਗਾਟ੍ਰੋਨ ਵੀ ਚਲਾਉਂਦੀ ਹੈ, ਐਪਲ ਦਾ ਇੱਕ ਹੋਰ ਵੱਡਾ ਸਪਲਾਇਰ ਬਣ ਗਈ ਹੈ। 

ਇਸ ਫੈਸਲੇ 'ਤੇ ਫੌਕਸਕੌਨ ਜਾਂ ਐਪਲ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਪਰ ਇਹ ਦੱਸਿਆ ਗਿਆ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਚੀਨੀ ਅਧਿਕਾਰੀਆਂ ਨੇ ਆਪਣੀਆਂ ਰੈਗੂਲੇਟਰੀ ਏਜੰਸੀਆਂ ਤੇ ਸਥਾਨਕ ਸਰਕਾਰਾਂ ਨੂੰ ਭਾਰਤ ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਤਕਨਾਲੋਜੀ ਟ੍ਰਾਂਸਫਰ ਤੇ ਉਪਕਰਣਾਂ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਲਈ ਕਿਹਾ ਸੀ। ਇਸ ਦਾ ਉਦੇਸ਼ ਚੀਨ ਤੋਂ ਉਤਪਾਦਨ ਨੂੰ ਬਾਹਰ ਤਬਦੀਲ ਕਰਨ ਨੂੰ ਰੋਕਣਾ ਹੋ ਸਕਦਾ ਹੈ। ਐਪਲ ਦੇ ਸੀਈਓ ਟਿਮ ਕੁੱਕ ਪਹਿਲਾਂ ਹੀ ਚੀਨੀ ਅਸੈਂਬਲੀ ਕਰਮਚਾਰੀਆਂ ਦੇ ਹੁਨਰ ਤੇ ਮੁਹਾਰਤ ਦੀ ਪ੍ਰਸ਼ੰਸਾ ਕਰ ਚੁੱਕੇ ਹਨ, ਜਿਸ ਨੂੰ ਚੀਨ ਵਿੱਚ ਉਤਪਾਦਨ ਦਾ ਇੱਕ ਵੱਡਾ ਕਾਰਨ ਦੱਸਿਆ ਗਿਆ ਸੀ।

ਸੂਤਰਾਂ ਅਨੁਸਾਰ ਚੀਨੀ ਕਰਮਚਾਰੀਆਂ ਦੀ ਵਾਪਸੀ ਨਾਲ ਸਥਾਨਕ ਕਰਮਚਾਰੀਆਂ ਨੂੰ ਸਿਖਲਾਈ ਦੇਣ ਤੇ ਨਿਰਮਾਣ ਤਕਨਾਲੋਜੀ ਦੇ ਟ੍ਰਾਂਸਫਰ ਵਿੱਚ ਦੇਰੀ ਹੋ ਸਕਦੀ ਹੈ। ਇਸ ਨਾਲ ਨਿਰਮਾਣ ਲਾਗਤਾਂ ਵਿੱਚ ਵਾਧਾ ਹੋਣ ਦੀ ਵੀ ਉਮੀਦ ਹੈ। ਇੱਕ ਸਰੋਤ ਨੇ ਦੱਸਿਆ "ਇਹ ਬਦਲਾਅ ਭਾਰਤ ਵਿੱਚ ਉਤਪਾਦਨ ਦੀ ਗੁਣਵੱਤਾ ਨੂੰ ਪ੍ਰਭਾਵਤ ਨਹੀਂ ਕਰੇਗਾ, ਪਰ ਇਹ ਅਸੈਂਬਲੀ ਲਾਈਨ ਦੀ ਕੁਸ਼ਲਤਾ ਨੂੰ ਯਕੀਨੀ ਤੌਰ 'ਤੇ ਪ੍ਰਭਾਵਤ ਕਰ ਸਕਦਾ ਹੈ।"

ਇਹ ਬਦਲਾਅ ਉਸ ਸਮੇਂ ਆਇਆ ਜਦੋਂ ਐਪਲ ਅਗਲੇ ਸਾਲ ਤੋਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਾਰੇ ਆਈਫੋਨ ਭਾਰਤ ਵਿੱਚ ਅੰਸੈਂਬਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਰਤਮਾਨ ਵਿੱਚ ਐਪਲ ਦਾ ਕੋਈ ਵੀ ਸਮਾਰਟਫੋਨ ਅਮਰੀਕਾ ਵਿੱਚ ਨਹੀਂ ਬਣਦਾ। ਜ਼ਿਆਦਾਤਰ ਆਈਫੋਨ ਚੀਨ ਵਿੱਚ ਬਣਾਏ ਜਾਂਦੇ ਹਨ ਜਦੋਂਕਿ ਭਾਰਤ ਸਾਲਾਨਾ ਲਗਪਗ 40 ਮਿਲੀਅਨ ਯੂਨਿਟ (ਕੁੱਲ ਵਿਸ਼ਵ ਉਤਪਾਦਨ ਦਾ 15%) ਪੈਦਾ ਕਰਦਾ ਹੈ।