China Lockdown Protest: ਚੀਨ 'ਚ ਕੋਰੋਨਾ ਪਾਬੰਦੀਆਂ ਖ਼ਿਲਾਫ਼ ਨਾਗਰਿਕਾਂ ਨੇ ਸੜਕਾਂ 'ਤੇ ਉਤਰਨਾ ਸ਼ੁਰੂ ਕਰ ਦਿੱਤਾ ਹੈ। ਲੌਕਡਾਊਨ ਦੇ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਹੋਏ ਦੋ ਦਿਨ ਹੋ ਗਏ ਹਨ ਅਤੇ ਦੇਸ਼ ਦੇ ਕਈ ਸੂਬਿਆਂ ਤੋਂ ਹਿੰਸਾ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਝੜਪ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਤ ਸਮੇਂ ਸੈਂਕੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਵੀ ਪ੍ਰਦਰਸ਼ਨਕਾਰੀਆਂ ਨੂੰ ਸੜਕ 'ਤੇ ਘੜੀਸਦੀ ਨਜ਼ਰ ਆ ਰਹੀ ਹੈ।
ਰਾਇਟਰਜ਼ ਦੇ ਅਨੁਸਾਰ, ਚੀਨ ਵਿੱਚ ਜ਼ੀਰੋ ਕੋਵਿਡ ਨੀਤੀ ਦੇ ਵਿਰੁੱਧ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਸੈਂਕੜੇ ਲੋਕਾਂ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਝੜਪ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਵੀਡੀਓ 'ਚ ਪ੍ਰਦਰਸ਼ਨਕਾਰੀਆਂ ਨੂੰ ਸ਼ੰਘਾਈ ਦੀਆਂ ਸੜਕਾਂ 'ਤੇ ਇਕੱਠੇ ਹੁੰਦੇ ਹੋਏ ਰਾਸ਼ਟਰੀ ਗੀਤ ਗਾਉਂਦੇ ਦੇਖਿਆ ਜਾ ਸਕਦਾ ਹੈ।
ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲਿਸ ਨੇ ਜ਼ਬਰਦਸਤੀ ਦਾ ਸਹਾਰਾ ਲਿਆ ਅਤੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੋਂ ਭਜਾ ਦਿੱਤਾ। ਇੱਥੋਂ ਕੁਝ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ
ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਪ੍ਰਦਰਸ਼ਨਕਾਰੀ ਨਾਅਰੇ ਲਾ ਰਹੇ ਸੀ ਕਿ "ਉਨ੍ਹਾਂ ਨੂੰ ਛੱਡ ਦਿਓ!" ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਅਧਿਕਾਰੀ ਲੋਕਾਂ ਨੂੰ ਬੇਰਹਿਮੀ ਨਾਲ ਘੜੀਸ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੰਘਾਈ ਦੇ ਵਲੁਮੁਕੀ ਰੋਡ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ, ਕਿਉਂਕਿ ਇੱਥੇ ਸ਼ਨੀਵਾਰ ਨੂੰ ਮੋਮਬੱਤੀ ਮਾਰਚ ਸ਼ੁਰੂ ਹੋਇਆ ਸੀ, ਜਿਸ ਨੇ ਹੁਣ ਹਿੰਸਕ ਪ੍ਰਦਰਸ਼ਨਾਂ ਦਾ ਰੂਪ ਲੈ ਲਿਆ ਹੈ।
ਬੀਬੀਸੀ ਪੱਤਰਕਾਰ 'ਤੇ ਹਮਲੇ ਦਾ ਦੋਸ਼
ਸ਼ੰਘਾਈ ਪੁਲਿਸ 'ਤੇ ਬੀਬੀਸੀ ਪੱਤਰਕਾਰ 'ਤੇ ਹਮਲਾ ਕਰਨ ਦਾ ਵੀ ਦੋਸ਼ ਹੈ। ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲਿਸ ਅਧਿਕਾਰੀ ਪੱਤਰਕਾਰ ਨੂੰ ਘਸੀਟਦੇ ਹੋਏ ਨਜ਼ਰ ਆ ਰਹੇ ਹਨ। ਬੀਬੀਸੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੱਤਰਕਾਰ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਸ਼ੂਟ ਕਰਨ ਲਈ ਹਿਰਾਸਤ ਵਿੱਚ ਲਿਆ ਗਿਆ ਸੀ ਹਾਲਾਂਕਿ ਪੱਤਰਕਾਰ ਨੂੰ ਕਈ ਘੰਟੇ ਹਿਰਾਸਤ 'ਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ।
ਜ਼ੀਰੋ ਕੋਵਿਡ ਨੀਤੀ ਵਿਰੁੱਧ ਪ੍ਰਦਰਸ਼ਨ
ਇਸ ਸਮੇਂ ਚੀਨ ਦੀ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਕ ਪਾਸੇ ਦੇਸ਼ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਦੂਜੇ ਪਾਸੇ ਜ਼ੀਰੋ ਕੋਵਿਡ ਨੀਤੀ ਖ਼ਿਲਾਫ਼ ਲੋਕਾਂ ਦਾ ਗੁੱਸਾ ਵੀ ਵਧਦਾ ਜਾ ਰਿਹਾ ਹੈ। ਨਾਗਰਿਕਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਲਗਾਏ ਗਏ ਸਖ਼ਤ ਤਾਲਾਬੰਦੀ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਹਾਲ ਹੀ 'ਚ ਉਰੂਮਕੀ 'ਚ ਇਕ ਇਮਾਰਤ ਨੂੰ ਅੱਗ ਲੱਗ ਗਈ ਸੀ, ਜਿਸ 'ਚ 10 ਲੋਕਾਂ ਦੀ ਮੌਤ ਹੋ ਗਈ ਸੀ। ਨਾਗਰਿਕਾਂ ਦਾ ਕਹਿਣਾ ਸੀ ਕਿ ਤਾਲਾਬੰਦੀ ਕਾਰਨ ਐਮਰਜੈਂਸੀ ਸੇਵਾਵਾਂ ਸਮੇਂ ਸਿਰ ਨਹੀਂ ਆਈਆਂ, ਜਿਸ ਕਾਰਨ ਲੋਕਾਂ ਦੀ ਜਾਨ ਚਲੀ ਗਈ।