ਨਵੀਂ ਦਿੱਲੀ: ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇੱਕ ਪਾਸੇ ਉਹ ਵਿਵਾਦ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਗੱਲ ਕਰਦਾ ਹੈ, ਦੂਜੇ ਪਾਸੇ ਉਹ ਘੁਸਪੈਠ ਕਰਨੀ ਨਹੀਂ ਛੱਡ ਰਿਹਾ। ਤਾਜ਼ਾ ਘਟਨਾ ਉੱਤਰਾਖੰਡ ਦੇ ਬਾਰਾਹੋਤੀ ਸੈਕਟਰ ਦੀ ਸਰਹੱਦ ਦੀ ਹੈ, ਜਿੱਥੇ ਪਿਛਲੇ ਮਹੀਨੇ 100 ਚੀਨੀ ਸੈਨਿਕਾਂ ਨੇ ਅਸਲ ਕੰਟਰੋਲ ਰੇਖਾ (ਐਲਏਸੀ) ਪਾਰ ਕੀਤੀ ਸੀ। ਇਹ ਜਾਣਕਾਰੀ ਹੁਣ ਸਾਹਮਣੇ ਆਈ ਹੈ।


ਨਿਊਜ਼ ਏਜੰਸੀ PTI ਦੇ ਸੂਤਰਾਂ ਅਨੁਸਾਰ ਚੀਨੀ ਫ਼ੌਜਾਂ ਨੇ 30 ਅਗਸਤ ਨੂੰ ਘੁਸਪੈਠ ਕੀਤੀ ਸੀ ਤੇ ਤਿੰਨ ਘੰਟੇ ਉੱਥੇ ਰਹਿਣ ਤੋਂ ਬਾਅਦ ਵਾਪਸ ਪਰਤ ਆਏ ਸਨ। ਇਸ ਦਾ ਜਵਾਬ ਦਿੰਦੇ ਹੋਏ ਭਾਰਤੀ ਜਵਾਨਾਂ ਨੇ ਵੀ ਗਸ਼ਤ ਕੀਤੀ। ਹਾਲਾਂਕਿ, ਚੀਨੀ ਘੁਸਪੈਠ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਮੀਡੀਆ ਰਿਪੋਰਟਾਂ ਅਨੁਸਾਰ, ਘੋੜੇ 'ਤੇ ਸਵਾਰ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋ ਕੇ ਵਾਪਸੀ ਤੋਂ ਪਹਿਲਾਂ ਇੱਕ ਪੁਲ ਨੂੰ ਵੀ ਤੋੜ ਦਿੱਤਾ। 


ਪਿਛਲੇ ਸਾਲ ਪੂਰਬੀ ਲੱਦਾਖ ਵਿੱਚ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਤੇ ਭਾਰਤ ਦੇ ਸੈਨਿਕਾਂ ਵਿੱਚ ਖੂਨੀ ਸੰਘਰਸ਼ ਹੋਇਆ ਸੀ। ਇਸ ਤੋਂ ਬਾਅਦ, ਦੋਵਾਂ ਫ਼ੌਜਾਂ ਨੇ ਵਿਵਾਦਤ ਖੇਤਰਾਂ ਵਿੱਚ ਡਿਸਏਂਗੇਜਮੈਂਟ ਪੂਰ ਕਰ ਲਿਆ ਸੀ, ਪਰ ਚੀਨ ਹੁਣ ਦੁਬਾਰਾ ਘੁਸਪੈਠ ਦੀਆਂ ਗਤੀਵਿਧੀਆਂ ਕਰ ਰਿਹਾ ਹੈ।


ਦੱਸ ਦੇਈਏ ਕਿ ਉੱਤਰਾਖੰਡ ਦੇ ਬਾਰਾਹੋਤੀ ਸੈਕਟਰ ਵਿੱਚ LAC ਨੂੰ ਲੈ ਕੇ ਭਾਰਤ ਤੇ ਚੀਨ ਦੇ ਵਿੱਚ ਮਤਭੇਦਾਂ ਦੇ ਕਾਰਨ, ਮਾਮੂਲੀ ਘੁਸਪੈਠ ਹੁੰਦੀ ਰਹਿੰਦੀ ਹੈ, ਪਰ ਇਸ ਵਾਰ ਚੀਨੀ ਸੈਨਿਕਾਂ ਦੀ ਗਿਣਤੀ ਹੈਰਾਨੀਜਨਕ ਸੀ। ਚੀਨ ਨੇ ਬਾਰਾਹੋਤੀ ਸੈਕਟਰ ਵਿੱਚ LAC ਦੇ ਨੇੜੇ ਨਿਰਮਾਣ ਵਿੱਚ ਵੀ ਵਾਧਾ ਕੀਤਾ ਹੈ।


ਪੂਰਬੀ ਲੱਦਾਖ ‘ਚ LAC ਨੇੜੇ ਅਸਥਾਈ ਉਸਾਰੀ ਵੀ ਕੀਤੀ


ਪਿਛਲੇ ਹਫਤੇ ਹੀ ਇਹ ਰਿਪੋਰਟ ਕੀਤੀ ਗਈ ਸੀ ਕਿ ਚੀਨ ਨੇ ਪੂਰਬੀ ਲੱਦਾਖ ਦੇ (LAC) ਦੇ ਨੇੜੇ ਲਗਪਗ 8 ਸਥਾਨਾਂ 'ਤੇ ਅਸਥਾਈ ਟੈਂਟ ਵਰਗੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਪੀਪਲਜ਼ ਲਿਬਰੇਸ਼ਨ ਆਰਮੀ ਨੇ ਕਾਰਾਕੋਰਮ ਪਾਸ ਦੇ ਕੋਲ ਵਹਾਬ ਜਿਲਗਾ ਤੋਂ ਪੀਯੁ, ਹੌਟ ਸਪਰਿੰਗਸ, ਚਾਂਗ ਲਾ, ਤਾਸ਼ੀਗੋਂਗ, ਮੰਜਾ ਅਤੇ ਚੁਰੂਪ ਤੱਕ ਉੱਤਰੀ ਖੇਤਰ ਵਿੱਚ ਸ਼ੈਲਟਰ ਬਣਾਏ ਹਨ। ਇੱਥੇ ਹਰੇਕ ਸਥਾਨ 'ਤੇ ਸੱਤ ਸਮੂਹਾਂ ਵਿੱਚ 80 ਤੋਂ 84 ਕੰਟੇਨਰ ਬਣਾਏ ਗਏ ਹਨ।


ਇਹ ਵੀ ਪੜ੍ਹੋ: Britain Fuel Crises: ਬ੍ਰਿਟੇਨ 'ਚ ਤੇਲ ਦਾ ਵੱਡਾ ਸੰਕਟ, ਪੈਟਰੋਲ ਪੰਪਾਂ 'ਤੇ ਲੰਬੀਆਂ ਕਤਾਰਾਂ, ਸਟੈਂਡਬਾਏ 'ਤੇ ਫੌਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904