ਮੈਡਰਿਡ: ਸਪੇਨ ਤੇ ਇਟਲੀ ਵਿੱਚ ਸਿਹਤ ਸੇਵਾਵਾਂ ਕੋਰੋਨਵਾਇਰਸ ਤੋਂ ਬਹੁਤ ਪ੍ਰਭਾਵਿਤ ਹੋਈਆਂ ਹਨ। ਵਿਸ਼ਵਵਿਆਪੀ ਸਿਹਤ ਸੰਭਾਲ ਪ੍ਰਣਾਲੀ ਲਈ ਮਸ਼ਹੂਰ, ਇਨ੍ਹਾਂ ਦੇਸ਼ਾਂ ਵਿੱਚ ਸੁਰੱਖਿਆ ਉਪਕਰਣਾਂ, ਸੂਟ ਤੇ ਮਾਸਕ ਦੀ ਵੀ ਘਾਟ ਆ ਚੁੱਕੀ ਹੈ। ਬਹੁਤ ਸਾਰੇ ਡਾਕਟਰ ਤੇ ਨਰਸਾਂ ਵੀ ਹੁਣ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ।


ਮੈਡਰਿਡ ਦੇ ਲਾ ਪਾਜ਼ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਕੰਮ ਕਰਨ ਵਾਲੀ ਨਰਸ ਪੈਟ੍ਰੀਸ਼ੀਆ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਜਦੋਂ ਮੈਨੂੰ ਖੰਘ ਸ਼ੁਰੂ ਹੋਈ, ਉਦੋਂ ਤੱਕ ਮੈਂ ਹਫ਼ਤਿਆਂ ਤੋਂ ਮਰੀਜ਼ਾਂ ਦੀ ਖੁਸ਼ਕ ਤੇ ਡਰਾਉਣੀ ਖੰਘ ਸੁਣਨ ਦੀ ਆਦੀ ਹੋ ਗਈ ਸੀ। ਹਸਪਤਾਲ ਵਾਇਰਸ ਸੰਕਰਮਿਤ ਮਰੀਜ਼ਾਂ ਨਾਲ ਭਰਿਆ ਹੋਇਆ ਹੈ। ਅਸੀਂ ਖੰਘ ਤੋਂ ਤੰਗ ਆ ਚੁੱਕੇ ਹਾਂ। ਮੈਂ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ ਤਾਂ ਜੋ ਮੈਂ ਆਪਣੇ ਸਾਥੀਆਂ 'ਤੇ ਪਏ ਭਾਰ ਨੂੰ ਘੱਟ ਕਰ ਸਕਾਂ।"

ਦੁਨੀਆ ਭਰ ਦੇ ਡਾਕਟਰ ਕੋਰੋਨਾਵਾਇਰਸ ਵਿਰੁੱਧ ਲੜ ਰਹੇ ਹਨ ਪਰ ਇਟਲੀ ਤੇ ਸਪੇਨ ਵਿੱਚ, ਉਹ ਇਸ ਲੜਾਈ ਨਾਲ ਹਾਰਦੇ ਦਿਖਾਈ ਦੇ ਰਹੇ ਹਨ, ਕਿਉਂਕਿ ਇਹ ਦੋਵੇਂ ਦੇਸ਼ ਹਫ਼ਤਿਆਂ ਤੋਂ ਸੁਰੱਖਿਆ ਉਪਕਰਣਾਂ ਦੀ ਘਾਟ ਵਿੱਚ ਹਨ। ਸਪੇਨ ਵਿੱਚ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਤੇ ਡਾਕਟਰਾਂ ਦੀ ਗਿਣਤੀ ਘਟ ਰਹੀ ਹੈ।

ਨਰਸ ਪੈਟ੍ਰੀਸ਼ੀਆ ਨੇ ਕਿਹਾ ਅਸੀਂ ਟੁੱਟ ਰਹੇ ਹਾਂ। ਸਾਨੂੰ ਹੋਰ ਡਾਕਟਰਾਂ ਤੇ ਸਿਹਤ ਸਾਜ਼ੋ-ਸਾਮਾਨ ਦੀ ਲੋੜ ਹੈ। ਲਾ ਪਾਜ਼ ਹਸਪਤਾਲ ਦੇ 14 ਫਲੋਰ ਵਿੱਚ 1000 ਬੈੱਡ ਹਨ। ਇਸ ਹਸਪਤਾਲ ਦੀਆਂ 11 ਮੰਜ਼ਲਾਂ ਸਿਰਫ ਕੋਵਿਡ-19 ਦੇ ਮਰੀਜ਼ਾਂ ਨਾਲ ਭਰੀਆਂ ਹਨ। ਹੁਣ ਹੋਰ ਜਗ੍ਹਾ ਦੀ ਜ਼ਰੂਰਤ ਹੈ। ਘੱਟ ਲਾਗ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੇ ਜਿਮ ਜਾਂ ਟੈਂਟ ਹਾਉਸਾਂ ਵਿੱਚ ਰੱਖਿਆ ਜਾ ਰਿਹਾ ਹੈ।
ਸਪੇਨ ਵਿੱਚ 6,500 ਸਿਹਤ ਕਰਮਚਾਰੀ ਸੰਕਰਮਿਤ ਹੋਏ ਹਨ, ਜੋ ਕੁੱਲ ਸੰਕ੍ਰਮਿਤ 49,515 ਵਿੱਚੋਂ 13% ਬਣਦੇ ਹਨ। ਇੱਥੇ ਤਿੰਨ ਸਿਹਤ ਕਰਮਚਾਰੀਆਂ ਦੀ ਮੌਤ ਵੀ ਹੋ ਚੁੱਕੀ ਹੈ। ਇਟਲੀ ਵਿੱਚ, 74,386 ਸੰਕਰਮਿਤ ਲੋਕਾਂ ਵਿੱਚ ਤਕਰੀਬਨ 10% ਯਾਨੀ 7000 ਸਿਹਤ ਕਰਮਚਾਰੀ ਸੰਕਰਮਿਤ ਹਨ। ਇਨ੍ਹਾਂ ਵਿੱਚੋਂ 19 ਦੀ ਮੌਤ ਹੋ ਚੁੱਕੀ ਹੈ। ਇੱਥੇ ਸਿਹਤ ਕਰਮਚਾਰੀ ਸਰਕਾਰ ਤੋਂ ਸੁਰੱਖਿਆ ਉਪਕਰਣਾਂ ਦੀ ਲਗਾਤਾਰ ਮੰਗ ਕਰ ਰਹੇ ਹਨ।