ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਦੌਰਾਨ ਇਜ਼ਰਾਇਲ 'ਚ ਮੁੜ ਤੋਂ ਪਾਬੰਦੀ ਲਾ ਦਿੱਤੀ ਗਈ ਹੈ। ਜਪਾਨ ਦੀ ਰਾਜਧਾਨੀ ਟੋਕਿਓ ਅਤੇ ਚੀਨ ਦੇ ਸ਼ਿਨਜਿਆਂਗ ਸੂਬੇ 'ਚ ਵੀ ਨਵੇਂ ਮਾਮਲਿਆਂ ਨਾਲ ਚਿੰਤਾ ਵਧ ਗਈ ਹੈ। ਇਸ ਦੌਰਾਨ ਦੁਨੀਆਂ 'ਚ ਪੀੜਤਾਂ ਦੀ ਕੁੱਲ ਸੰਖਿਆ ਸ਼ੁੱਕਰਵਾਰ 1.38 ਕਰੋੜ ਤੋਂ ਜ਼ਿਆਦਾ ਹੋ ਗਈ ਅਤੇ 5,90,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਇਜ਼ਰਾਇਲ ਨੇ ਵੀਰਵਾਰ 1900 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਰ ਤੋਂ ਪਾਬੰਦੀ ਲਾ ਦਿੱਤੀ ਹੈ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਲੌਕਡਾਊਨ ਤੋਂ ਪਰਹੇਜ਼ ਕਰਦਿਆਂ ਹੋਇਆਂ ਕੁਝ ਅੰਤਰਿਮ ਕਦਮ ਉਠਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ ਹਫ਼ਤਾਭਰ ਸਟੋਰ, ਮਾਲ, ਨਾਈ ਦੀਆਂ ਦੁਕਾਨਾਂ, ਸੈਲੂਨ, ਸੈਰ-ਸਪਾਟਾ ਸਥਾਨ ਅਤੇ ਬੀਚ ਬੰਦ ਰਹਿਣਗੇ। ਜਪਾਨ ਦੀ ਰਾਜਧਾਨੀ 'ਚ ਸ਼ੁੱਕਰਵਾਰ ਇਕ ਦਿਨ 'ਚ 293 ਮਾਮਲੇ ਆਏ।
ਸਪੇਨ 'ਚ ਵੀ ਉੱਤਰੀ ਅਰੇਗਨ ਤੇ ਕਾਤਾਲੁਨੀਆ ਖੇਤਰ 'ਚ ਨਵੇਂ ਮਾਮਲੇ ਆਏ ਹਨ। ਬਾਰਸੀਲੋਨਾ 'ਚ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਨਾਈਟ ਕਲੱਬ, ਜਿਮ ਬੰਦ ਕਰ ਦਿੱਤੇ ਗਏ ਹਨ। ਸਪੇਨ 'ਚ ਵੀਰਵਾਰ 580 ਨਵੇਂ ਮਾਮਲੇ ਸਾਹਮਣੇ ਆਏ। ਆਸਟਰੇਲੀਆ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਸ ਨੇ ਪਾਬੰਦੀ ਵਧਾਉਣ ਦਾ ਐਲਾਨ ਕੀਤਾ।
ਓਧਰ ਬ੍ਰਿਟੇਨ 'ਚ ਪਹਿਲੀ ਅਗਸਤ ਤੋਂ ਪਾਬੰਦੀਆਂ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦੇਸ਼ 'ਚ ਸ਼ੁੱਕਰਵਾਰ ਤਕ ਕੋਰੋਨਾ ਵਾਇਰਸ ਕਾਰਨ 45,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਦੱਖਣੀ ਅਫਰੀਕਾ ਛੇਵੇਂ ਸਥਾਨ 'ਤੇ ਹੈ। ਦੇਸ਼ ਦੇ ਸੰਘਣੀ ਆਬਾਦੀ ਵਾਲੇ ਗੁਟੇਂਗ ਸੂਬੇ 'ਚ ਕਈ ਨਵੇਂ ਮਾਮਲੇ ਸਾਹਮਣੇ ਆਏ ਹਨ। ਅਜਿਹੇ 'ਚ ਸਰਕਾਰ ਨੇ ਕੁਝ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।
ਕੋਰੋਨਾ ਦਾ ਕਹਿਰ ਜਾਰੀ! ਹੁਣ ਤਕ ਕਰੀਬ 6,00,000 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ