ਬੀਜਿੰਗ: ਗੁਆਂਢੀ ਮੁਲਕ ਚੀਨ 'ਚ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਇਸਦੇ ਨਾਲ ਹੀ 800 ਤੋਂ ਵੱਧ ਲੋਕ ਬਿਮਾਰ ਹਨ। ਸਾਉਦੀ ਅਰਬ 'ਚ ਇੱਕ ਭਾਰਤੀ ਨਰਸ ਵੀ ਕੋਰੋਨਾ ਵਾਇਰਲ ਦਾ ਸ਼ਿਕਾਰ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤੀ ਦੂਤਾਵਾਸ ਨੇ ਚੀਨ ਦੇ ਵੁਹਾਨ ਵਿੱਚ ਭਾਰਤੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਕੇਰਲ ਨੇ ਇਸ ਵਾਇਰਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉਸੇ ਸਮੇਂ ਚੀਨ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਥਰਮਲ ਸਕੈਨਿੰਗ ਦਿੱਲੀ, ਮੁੰਬਈ ਅਤੇ ਕੋਲਕਾਤਾ ਦੇ ਨਾਲ-ਨਾਲ ਚੰਡੀਗੜ੍ਹ ਦੇ ਹਵਾਈ ਅੱਡਿਆਂ 'ਤੇ ਕੀਤੀ ਜਾ ਰਹੀ ਹੈ।


ਭਾਰਤ ਦੀ ਚਿੰਤਾ ਦਾ ਕਾਰਨ ਇਹ ਹੈ ਕਿ ਲੱਗਭਗ 700 ਭਾਰਤੀ ਵਿਦਿਆਰਥੀ ਵੁਹਾਨ ਅਤੇ ਆਸ ਪਾਸ ਦੇ ਖੇਤਰ 'ਚ ਰਹਿੰਦੇ ਹਨ। ਇਨ੍ਹਾਂ ਚੋਂ ਬਹੁਤੇ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ 'ਚ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਭਾਰਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਭਾਰਤੀ ਦੂਤਾਵਾਸ ਦੁਆਰਾ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ +8618612083629 ਅਤੇ +8618612083617 ਹਨ।

ਹੁਣ ਤੱਕ ਕੋਰੋਨਾ ਵਾਇਰਸ ਕਾਰਨ ਨਮੂਨੀਆ ਦੇ 830 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੀ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਦੇਸ਼ ਦੇ 20 ਸੂਬਾਈ ਪੱਧਰੀ ਖੇਤਰਾਂ 'ਚ ਕੁੱਲ 1072 ਸ਼ੱਕੀ ਮਾਮਲੇ ਸਾਹਮਣੇ ਆਏ ਹਨ।

ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਚੀਨ ਨੇ ਬੇਮਿਸਾਲ ਕਦਮ ਚੁੱਕਦਿਆਂ ਵੁਹਾਨ ਸਣੇ ਪੰਜ ਸ਼ਹਿਰਾਂ ਨੂੰ ਵੀਰਵਾਰ ਨੂੰ ਸੀਲ ਕਰ ਦਿੱਤਾ। ਇਨ੍ਹਾਂ ਸ਼ਹਿਰਾਂ 'ਚ ਤਕਰੀਬਨ ਦੋ ਕਰੋੜ ਲੋਕ ਰਹਿੰਦੇ ਹਨ।