ਵਾਸ਼ਿੰਗਟਨ: ਵਿਸ਼ਵ ਦੀ ਮਹਾਸ਼ਕਤੀ ਕਹਾਉਣ ਵਾਲੇ ਮੁਲਕ ਅਮਰੀਕਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਵਾਇਰਸ ਇੰਨੀ ਤਬਾਹੀ ਮਚਾ ਦੇਵੇਗਾ। ਸ਼ੁਰੂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਮਾਮੂਲੀ ਜ਼ੁਕਾਮ ਤੇ ਬੁਖਾਰ ਹੀ ਦੱਸਦੇ ਰਹੇ ਪਰ ਭਿਆਨਕ ਤਸਵੀਰ ਸਾਹਮਣੇ ਆਉਣ ਮਗਰੋਂ ਸਰਕਾਰ ਦੇ ਹੋਸ਼ ਉੱਡ ਗਏ। ਹੁਣ ਸਰਕਾਰ ਨੇ ਕੋਰੋਨਾ ਨਾਲ ਲੜਨ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਦੇ ਬਾਵਜੂਦ ਅਮਰੀਕਾ ਨੂੰ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ।


ਸ਼ਨੀਵਾਰ ਨੂੰ ਅਮਰੀਕਾ ਵਿੱਚ ਸਿਰਫ ਇੱਕ ਦਿਨ ਅੰਦਰ ਹੀ ਕੋਵਿਡ-19 ਕਾਰਨ 2000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਇਹ ਅਕੜਾ ਦੁਨੀਆ ਭਰ ਤੋਂ ਵੱਧ ਹੈ। ਜੌਹਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਅਮਰੀਕਾ ’ਚ ਲੰਘੇ 24 ਘੰਟਿਆਂ ਅੰਦਰ 2108 ਵਿਅਕਤੀਆਂ ਦੀ ਮੌਤ ਹੋਈ ਜਦਕਿ ਪੰਜ ਲੱਖ ਤੋਂ ਵੱਧ ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹਨ। ਅਮਰੀਕਾ ’ਚ ਕਰੋਨਾਵਾਇਰਸ ਦਾ ਕੇਂਦਰ ਬਣੇ ਨਿਊਯਾਰਕ ਤੇ ਨਿਊ ਜਰਸੀ ’ਚ ਹੁਣ ਤੱਕ ਸਭ ਤੋਂ ਵੱਧ ਜਾਨਾਂ ਗਈਆਂ ਹਨ।

ਅਮਰੀਕਾ ’ਚ ਹੁਣ ਤੱਕ ਕਰੋਨਾਵਾਇਰਸ ਕਾਰਨ 20,000 ਤੋਂ ਵੱ) ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਯੂਨੀਵਰਸਿਟੀ ਅਨੁਸਾਰ ਅਮਰੀਕਾ ’ਚ ਇਸ ਸਮੇਂ 5 ਲੱਖ ਤੋਂ ਵੱਧ ਵਿਅਕਤੀ ਕਰੋਨਾ ਪੀੜਤ ਹਨ। ਅਮਰੀਕਾ ’ਚ ਇਸ ਸਮੇਂ ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ ਵੱਧ ਕਰੋਨਾ ਦੇ ਮਰੀਜ਼ ਹਨ। ਅਮਰੀਕਾ ਦੇ ਨਿਊਯਾਰਕ ’ਚ ਕਰੋਨਾ ਦੇ 1.7 ਲੱਖ ਜਦਕਿ ਨਿਊਜਰਸੀ ’ਚ 54 ਹਜ਼ਾਰ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਤੋਂ ਬਾਅਦ ਇਟਲੀ ਵਿੱਚ ਵੱਧ ਮੌਤਾਂ ਹੋਈਆਂ ਹਨ। ਇਟਲੀ ’ਚ ਹੁਣ ਤੱਖ 18,849 ਵਿਅਕਤੀਆਂ ਦੀ ਮੌਤ ਹੋਈ ਹੈ।