ਨਿਊਯਾਰਕ: ਦੁਨੀਆ ਦੀ ਮਹਾਸ਼ਕਤੀ ਅਮਰੀਕਾ ਦੇ ਇੱਕੋ ਸ਼ਹਿਰ ਨਿਊਯਾਰਕ ਦਾ ਕੋਰੋਨਾਵਾਇਰਸ ਨੇ ਬੁਰਾ ਹਾਲ ਕਰ ਦਿੱਤਾ ਹੈ। ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਨਿਊਯਾਰਕ ਵਿੱਚ ਹੁਣ ਤੱਕ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਟੱਪ ਚੁੱਕੀ ਹੈ ਜੋ ਚੀਨ ਤੇ ਬਰਤਾਨੀਆ ਨਾਲੋਂ ਵੀ ਵੱਧ ਹੈ। ਅਮਰੀਕਾ ਦੇ ਇਸ ਸ਼ਹਿਰ ਦਾ ਇਹ ਹਾਲ ਹੈ ਕਿ ਲਾਸ਼ਾਂ ਨੂੰ ਦਫਨਾਉਣ ਲਈ ਕਬਰਸਤਾਨਾਂ ਵਿੱਚ ਥਾਂ ਖਤਮ ਹੋ ਗਈ ਹੈ।

ਸਰਕਾਰੀ ਅੰਕੜੇ ਦੱਸਦੇ ਹਨ ਕਿ ਐਤਵਾਰ ਨੂੰ ਸਾਹਮਣੇ ਆਏ ਕਰੀਬ 5695 ਨਵੇਂ ਕੇਸਾਂ ਨਾਲ 12 ਅਪਰੈਲ ਤੱਕ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1,04,410 ਹੋ ਗਈ ਸੀ। ਇਨ੍ਹਾਂ ਵਿੱਚੋਂ 27,676 ਹਸਪਤਾਲਾਂ ਵਿੱਚ ਦਾਖ਼ਲ ਹਨ। ਸ਼ਹਿਰ ਵਿੱਚ ਮਹਾਮਾਰੀ ਕਾਰਨ ਹੋਈਆਂ ਮੌਤਾਂ ਦੀ ਗਿਣਤੀ 6,898 ਹੈ।

ਇਸ ਤਰ੍ਹਾਂ ਇਕੱਲੇ ਨਿਊਯਾਰਕ ਸ਼ਹਿਰ ਵਿੱਚ ਚੀਨ ਤੇ ਬਰਤਾਨੀਆ ਨਾਲੋਂ ਵੱਧ ਕਰੋਨਾਵਾਇਰਸ ਦੇ ਮਰੀਜ਼ ਹੋ ਚੁੱਕੇ ਹਨ। ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਮਾਨ ਅਨੁਸਾਰ ਬਰਤਾਨੀਆ ਵਿੱਚ ਕਰੋਨਾਵਾਇਰਸ ਦੇ 85,208 ਕੇਸ ਹਨ, ਚੀਨ ਵਿੱਚ 83,135 ਤੇ ਇਰਾਨ ਵਿੱਚ 71,686 ਕੇਸ ਹਨ।

ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕੁੱਲ 5,57,300 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਕਰੀਬ 22,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆਂ ਭਰ ਵਿਚ ਇਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 18 ਲੱਖ ਤੋਂ ਵੱਧ ਹੈ ਤੇ ਹੁਣ ਤੱਕ 1,14,185 ਮੌਤਾਂ ਹੋ ਚੁੱਕੀਆਂ ਹਨ।