ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ 'ਚ ਦੇਰੀ ਦੇ ਵਿਚਕਾਰ ਰਿਮੋਟ ਲੋਕੇਸ਼ਨ ਸਟੱਡੀਜ਼ ਬਾਰੇ ਕੁਝ ਨਿਯਮਾਂ 'ਚ ਢਿੱਲ ਦਿੱਤੀ ਹੈ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਨਾ ਛੱਡਣ। ਕੈਨੇਡਾ ਨੇ ਇਹ ਛੋਟ ਅਜਿਹੇ ਸਮੇਂ 'ਚ ਦਿੱਤੀ ਹੈ ਜਦੋਂ ਉੱਥੇ ਪੜ੍ਹਾਈ ਦਾ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ।
IRCC (ਦੀ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ) ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਇੱਕ ਟ੍ਰਾਂਜਿਸ਼ਨ ਪੀਰੀਅਡ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਆਫ਼ਰ ਕਰਨ ਦਾ ਐਲਾਨ ਕੀਤਾ ਹੈ।
IRCC ਨੇ ਕਿਹਾ ਕੋਰੋਨਾ ਕਾਲ ਦੌਰਾਨ ਰਿਮੋਟ ਲੋਕੇਸ਼ਨ ਨਾਲ ਪੜ੍ਹਾਈ ਜਾਰੀ ਰੱਖਣ ਲਈ ਜਿਹੜੇ ਉਪਾਅ ਕੀਤੇ ਗਏ ਸਨ, ਉਨ੍ਹਾਂ ਨੂੰ ਹੁਣ 31 ਅਗਸਤ 2023 ਤੱਕ ਵਧਾਇਆ ਜਾ ਰਿਹਾ ਹੈ। ਕੈਨੇਡਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਵੀਜ਼ਾ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਪ੍ਰਕਿਰਿਆ 'ਚ ਦੇਰੀ ਹੋਣ 'ਤੇ ਵਿਦਿਆਰਥੀ ਰਿਮੋਟ ਲੋਕੇਸ਼ਨ ਉਪਾਅ ਦੀ ਵਰਤੋਂ ਕਰ ਸਕਦੇ ਹਨ।
IRCC ਨੇ ਇੱਕ ਟਵੀਟ 'ਚ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ 31 ਅਗਸਤ 2022 ਤੋਂ ਪਹਿਲਾਂ ਆਨਲਾਈਨ ਪੜ੍ਹਾਈ ਜਾਰੀ ਰੱਖਣ ਦਾ ਆਪਸ਼ਨ ਚੁਣਿਆ ਹੈ ਜਾਂ ਸਟੂਡੈਂਟ ਵੀਜ਼ਾ ਪਰਮਿਟ ਲਈ ਅਰਜ਼ੀ ਦਿੱਤੀ ਹੈ, ਉਹ ਅਜੇ ਵੀ ਪੂਰਾ ਕੋਰਸ ਆਨਲਾਈਨ ਤਰੀਕੇ ਨਾਲ ਪੂਰਾ ਕਰਨ ਦੇ ਯੋਗ ਹੋਣਗੇ ਅਤੇ ਉਨ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) 'ਤੇ ਵੀ ਕੋਈ ਅਸਰ ਨਹੀਂ ਪਵੇਗਾ।
IRCC ਨੇ ਕਿਹਾ, "ਹਾਲਾਂਕਿ ਜੇਕਰ ਕੋਈ ਕੋਰਸ 1 ਸਤੰਬਰ 2022 ਤੋਂ 31 ਅਗਸਤ 2023 ਵਿਚਕਾਰ ਸ਼ੁਰੂ ਹੋ ਰਿਹਾ ਹੈ ਜਾਂ 31 ਅਗਸਤ 2023 ਤੋਂ ਪਹਿਲਾਂ ਸਟੱਡੀ ਪਰਮਿਟ ਲਈ ਅਰਜ਼ੀ ਦੇ ਰਿਹਾ ਹੈ ਤਾਂ ਉਹ ਕੈਨੇਡਾ ਤੋਂ ਬਾਹਰ ਆਪਣਾ 50% ਕੋਰਸ ਬਗੈਰ PGWP ਪੂਰਾ ਕਰ ਸਕਦਾ ਹੈ।" ਟਵੀਟ 'ਚ ਅੱਗੇ ਕਿਹਾ ਗਿਆ ਹੈ, "1 ਸਤੰਬਰ 2023 ਤੋਂ ਬਾਅਦ ਕੈਨੇਡਾ ਤੋਂ ਬਾਹਰੋਂ ਪੂਰੀ ਕੀਤੀ ਗਈ ਸਾਰੀ ਸਟਡੀ ਟਾਈਮ ਨੂੰ ਵਿਦਿਆਰਥੀਆਂ ਦੀ PGWP ਦੀ ਸਮਾਂ ਸੀਮਾ ਤੋਂ ਘਟਾਈ ਜਾਵੇਗੀ, ਭਾਵੇਂ ਉਹ ਆਪਣੀ ਪੜ੍ਹਾਈ ਕਦੋਂ ਵੀ ਸ਼ੁਰੂ ਕੀਤੀ ਗਈ ਹੋਵੇ।"
IRCC ਨੇ ਇੱਕ ਟਵੀਟ 'ਚ ਕਿਹਾ, "ਅਸੀਂ ਕੌਮਾਂਤਰੀ ਵਿਦਿਆਰਥੀਆਂ ਨੂੰ ਜਿੰਨੀ ਜਲਦੀ ਹੋ ਸਕੇ ਕੈਨੇਡਾ ਵਾਪਸ ਆਉਣ ਲਈ ਉਤਸ਼ਾਹਿਤ ਕਰਦੇ ਹਾਂ, ਪਰ ਜੇਕਰ ਤੁਹਾਨੂੰ ਅਜਿਹਾ ਕਰਨ ਲਈ ਕੁਝ ਹੋਰ ਸਮਾਂ ਚਾਹੀਦਾ ਹੈ ਤਾਂ ਇਹ ਤਬਦੀਲੀ ਦੀ ਮਿਆਦ ਤੁਹਾਡੇ ਲਈ ਉਪਲੱਬਧ ਹੈ।"