ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇੱਕ ਮਹੀਨੇ ਦੇ ਅੰਦਰ ਕੋਰੋਨਾ ਵਾਇਰਸ ਵੈਕਸੀਨ ਤਿਆਰ ਹੋ ਜਾਵੇਗੀ। 'ਏਬੀਸੀ ਨਿਊਜ਼' ਵੱਲੋਂ ਕਰਵਾਏ ਟਾਊਨ ਹਾਲ ਇਵੈਂਟ 'ਚ ਟਰੰਪ ਨੇ ਕਿਹਾ ਕਿ ਐਫਡੀਏ ਦੇ ਚੱਲਦਿਆਂ ਪਿਛਲੇ ਪ੍ਰਸ਼ਾਸਨ ਨੂੰ ਕੋਰੋਨਾ ਵੈਕਸੀਨ ਬਣਾਉਣ 'ਚ ਕਈ ਸਾਲ ਲੱਗੇ ਹੋਣਗੇ ਪਰ ਅਸੀਂ ਇਸ ਨੂੰ ਕੁਝ ਹਫਤਿਆਂ 'ਚ ਪ੍ਰਾਪਤ ਕਰ ਲਵਾਂਗੇ।
ਦੁਨੀਆਂ ਭਰ 'ਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਅਮਰੀਕਾ 'ਚ ਆਏ ਹਨ ਤੇ ਇੱਥੇ ਮਹਾਮਾਰੀ ਨਾਲ ਲੱਖਾਂ ਲੋਕਾਂ ਦੀ ਮੌਤ ਵੀ ਹੋਈ ਹੈ। ਜਨਤਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਾਊਸ ਐਫਡੀਏ 'ਤੇ ਅਮਰੀਕੀ ਚੋਣਾਂ ਤੋਂ ਪਹਿਲਾਂ ਇੱਕ ਟੀਕੇ ਨੂੰ ਮਨਜ਼ੂਰੀ ਦੇਣ ਲਈ ਦਬਾਅ ਪਾ ਰਿਹਾ ਹੈ। ਅਮਰੀਕਾ 'ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਟੀਕੇ ਵਿਕਸਤ ਕਰਨ ਵਾਲੀਆਂ ਦਵਾਈ ਕੰਪਨੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਉਹ ਵੈਕਸੀਨ ਦੀ ਸੁਰੱਖਿਆ ਤੇ ਪ੍ਰਭਾਵ ਜਾਂਚਣ ਤੋਂ ਬਾਅਦ ਹੀ ਟੀਕੇ ਬਜ਼ਾਰ 'ਚ ਉਪਲਬਧ ਕਰਾਉਣਗੇ।
ਅਮਰੀਕਾ ਸਮੇਤ ਦੁਨੀਆਂ ਦੇ ਕਈ ਦੇਸ਼ ਵੈਕਸੀਨ ਬਣਾਉਣ ਦੀ ਪ੍ਰਕਿਰਿਆ 'ਚ ਲੱਗੇ ਹੋਏ ਹਨ। ਸਿਰਫ ਰੂਸ ਨੇ ਹੀ ਅਜੇ ਤਕ ਸਫਲ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਨਵੰਬਰ ਤੋਂ ਪਹਿਲਾਂ ਵੈਕਸੀਨ ਬਣਾਉਣ ਦੀ ਗੱਲ 'ਤੇ ਡੈਮੋਕ੍ਰੇਟਿਕ ਪਾਰਟੀ ਇਸ ਨੂੰ ਟਰੰਪ ਦਾ ਚੁਣਾਵੀਂ ਹੱਥਕੰਢਾ ਕਰਾਰ ਦੇ ਰਹੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਵੈਕਸੀਨ ਲੈਕੇ ਟਰੰਪ ਦੀ ਕਿਸੇ ਗੱਲ 'ਤੇ ਭਰੋਸਾ ਨਹੀਂ ਕਰਨਗੇ। ਉਹ ਸਿਰਫ ਸਿਹਤ ਮਾਹਿਰਾਂ ਤੇ ਵਿਗਿਆਨੀਆਂ ਦੀ ਗੱਲ 'ਤੇ ਭਰੋਸਾ ਕਰਨਗੇ।