Donald Trump On Tariff: ਟਰੰਪ ਦੀ ਟੈਰਿਫ ਨੀਤੀ ਕਾਰਨ ਪਿਛਲੇ ਕੁਝ ਦਿਨਾਂ ਤੋਂ ਗਲੋਬਲ ਬਾਜ਼ਾਰ ਵਿੱਚ ਹਾਹਾਕਾਰ ਮਚੀ ਹੋਈ ਹੈ। ਏਸ਼ੀਆ ਅਤੇ ਯੂਰਪ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੋਈ ਹੈ। ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਘੱਟ ਹੋ ਗਈਆਂ ਹਨ, ਕੋਈ ਮਹਿੰਗਾਈ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਈ ਮਾਹਰ ਮੰਦੀ ਦੀ ਚੇਤਾਵਨੀ ਦੇ ਚੁੱਕੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ ਟਰੂਥ 'ਤੇ ਪੋਸਟ ਕਰਦਿਆਂ ਹੋਇਆਂ ਟਰੰਪ ਨੇ ਕਿਹਾ, ਤੇਲ ਦੀਆਂ ਕੀਮਤਾਂ ਘੱਟ ਗਈਆਂ ਹਨ, ਵਿਆਜ ਦਰਾਂ ਘੱਟ ਗਈਆਂ ਹਨ। ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਗਈਆਂ ਹਨ, ਕਿਸੇ ਵੀ ਤਰ੍ਹਾਂ ਦੀ ਮਹਿੰਗਾਈ ਨਹੀਂ ਹੈ।" ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਪਹਿਲਾਂ ਤੋਂ ਲਾਗੂ ਟੈਰਿਫਾਂ ਦੀ ਦੁਰਵਰਤੋਂ ਕਰਨ ਵਾਲੇ ਦੇਸ਼ਾਂ ਤੋਂ ਹਫ਼ਤੇ ਵਿੱਚ ਅਰਬਾਂ ਡਾਲਰ ਕਮਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਚੀਨ ਨੇ ਅਮਰੀਕਾ ਨਾਲ ਸਭ ਤੋਂ ਜ਼ਿਆਦਾ ਗਲਤ ਕੀਤਾ ਹੈ। ਚੀਨ ਦੇ ਬਾਜ਼ਾਰ ਡਿੱਗ ਰਹੇ ਹਨ।" ਚੀਨ ਨੇ ਕਿਹਾ ਕਿ ਉਹ 10 ਅਪ੍ਰੈਲ ਤੋਂ ਸਾਰੇ ਅਮਰੀਕੀ ਆਯਾਤ 'ਤੇ 34 ਪ੍ਰਤੀਸ਼ਤ ਟੈਰਿਫ ਲਗਾਏਗਾ, ਜਿਸ ਨੂੰ ਟਰੰਪ ਨੇ ਹਾਸੋਹੀਣਾ ਕਦਮ ਦੱਸਿਆ। ਚੀਨ ਨੇ 16 ਅਮਰੀਕੀ ਕੰਪਨੀਆਂ ਵਿਰੁੱਧ ਵੀ ਕਾਰਵਾਈ ਕੀਤੀ।