ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਅਜਬ-ਗਜਬ ਵਿਚਾਰਾਂ ਲਈ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਫਿਰ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਅਮਰੀਕਾ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਪਹੁੰਚਾਉਣ ਵਾਲੇ ਹਰੀਕੇਨ ਵਰਗੇ ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਨਾਲ ਖ਼ਤਮ ਕਰਨ ਦੀ ਗੱਲ ਆਖੀ ਹੈ। ਇਹ ਵਿਚਾਰ ਤਾਂ ਚੰਗਾ ਹੈ, ਪਰ ਇਸ ਦੇ ਨਤੀਜੇ ਕੁਝ ਜ਼ਿਆਦਾ ਵਧੀਆ ਨਹੀਂ ਹੋਣਗੇ।
ਅਮਰੀਕੀ ਸੰਸਥਾ ਨੈਸ਼ਨਲ ਓਸਿਆਨਿਕ ਐਂਡ ਐਟਮਾਸਫੈਰਿਕ ਐਡਮਿਨਿਸਟ੍ਰੇਸ਼ਨ (National Oceanic and Atmospheric Administration) ਨੇ ਟਰੰਪ ਦੇ ਇਸ ਵਿਚਾਰ ਨੂੰ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਸੰਸਥਾ ਨੇ ਕਿਹਾ ਹੈ ਕਿ ਰਹੀਕੇਨ ਨਾਲ ਓਨੀ ਤਬਾਹੀ ਨਹੀਂ ਹੋਣੀ ਜਿੰਨੀ ਹਰੀਕੇਨ 'ਤੇ ਪਰਮਾਣੂ ਬੰਬ ਸੁੱਟਣ ਨਾਲ ਹੋ ਸਕਦੀ ਹੈ।
ਹਰ ਸਾਲ ਅਮਰੀਕਾ ਦੇ ਪੂਰਬੀ ਤੱਟ ਨੂੰ ਅਜਿਹੇ ਭਿਆਨਕ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੀ ਸੰਭਾਵਤ ਤੌਰ 'ਤੇ ਆਮਦ ਸਤੰਬਰ ਵਿੱਚ ਹੁੰਦੀ ਹੈ ਜਦੋਂ ਸਮੁੰਦਰੀ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਇਸ ਵੇਲੇ ਟ੍ਰੋਪੀਕਲ ਸਟੌਰਮ ਡੋਰੀਅਨ ਕੈਰੇਬੀਆਈ ਆਈਲੈਂਡਜ਼ ਵੱਲ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਤੂਫਾਨ ਅਮਰੀਕਾ ਦੇ ਪਿਊਰਟੋ ਰਿਕੋ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ।
ਐਨਓਏਏ ਦੇ ਅਨੁਸਾਰ ਜੇ ਹਰੀਕੇਨ ਤੂਫਾਨ ਨੂੰ ਰੋਕਣ ਲਈ ਕੋਈ ਪ੍ਰਮਾਣੂ ਹਮਲਾ ਕੀਤਾ ਗਿਆ ਤਾਂ ਰੇਡੀਏਸ਼ਨ ਤੂਫਾਨ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਸਭ ਕੁਝ ਤਬਾਹ ਕਰ ਸਕਦੀ ਹੈ। ਇਸ ਵਿੱਚੋਂ ਨਿਕਲਦੀਆਂ ਗਾਮਾ ਕਿਰਨਾਂ ਮਨੁੱਖੀ ਸਰੀਰ ਦੀਆਂ ਕੋਸ਼ਿਕਾਵਾਂ ਨਸ਼ਟ ਕਰ ਸਕਦੀਆਂ ਹਨ। 1986 ਵਿੱਚ ਚਰਨੋਬਿਲ ਪਾਵਰ ਪਲਾਂਟ ਦੀ ਘਟਨਾ ਨਾਲ ਹਵਾ ਵਿੱਚ ਫੈਲੀ ਰੇਡੀਏਸ਼ਨ ਦੇ ਕਾਰਨ ਲੋਕਾਂ ਨੂੰ 1500 ਮੀਲ ਦੇ ਘੇਰੇ ਤੋਂ ਬਾਹਰ ਹੋਣਾ ਪਿਆ ਸੀ। ਜੇ ਅਮਰੀਕਾ ਹਰੀਕੇਨ ਤੂਫਾਨ ਨੂੰ ਰੋਕਣ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਕੈਰੇਬੀਅਨ ਦੇਸ਼ਾਂ ਦੇ ਨਾਲ ਮੈਕਸੀਕੋ ਦੀ ਖਾੜੀ ਨਾਲ ਲੱਗੇ ਦੇਸ਼ ਵੀ ਪ੍ਰਭਾਵਤ ਹੋ ਸਕਦੇ ਹਨ।