Dr. Swaiman Singh honored by California Assembly: ਪੰਜਾਬ ਅਤੇ ਭਾਰਤ ਦੇ ਕਿਸਾਨਾਂ ਵੱਲੋਂ ਸਾਲ 2020-21 ਦੌਰਾਨ ਰਾਜਧਾਨੀ ਦਿੱਲੀ ਦੇ ਬਰੂਹਾਂ ਤੇ ਸਵਾ ਸਾਲ ਤੋਂ ਵੱਧ ਲੰਮੇ ਸਮੇਂ ਲਈ ਲੜੇ ਗਏ ਇਤਿਹਾਸਿਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੀ ਡਾਕਟਰੀ ਸੇਵਾਵਾਂ ਕਰਨ ਲਈ ਵਿਸ਼ਵ ਵਿਆਪੀ ਨਾਮਣਾ ਖੱਟਣ ਵਾਲੇ ਅਮਰੀਕਾ ਤੋਂ ਆਏ ਡਾਕਟਰ ਸਵੈਮਾਨ ਸਿੰਘ ਦਾ ਬੀਤੇ ਦਿਨੀ ਅਮਰੀਕਾ ਦੇ ਇੱਕ ਰਾਜ ਕੈਲੇਫੋਰਨੀਆਂ ਦੀ ਵਿਧਾਨ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।


ਵਿਧਾਨ ਸਭਾ ਦੀ ਪੰਜਾਬੀ ਮੈਂਬਰ ਬੀਬੀ ਜਸਮੀਤ ਕੌਰ ਬੈਂਸ ਵੱਲੋਂ ਵਿਧਾਨ ਸਭਾ ਵਿੱਚ ਇੱਕ ਲਿਖਤੀ ਮਤਾ ਰੱਖਿਆ ਗਿਆ ਜਿਸ ਵਿੱਚ ਡਾਕਟਰ ਸਵੈਮਾਨ ਸਿੰਘ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਮਾਨਵਤਾ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਪ੍ਰਾਪਤੀਆਂ ਲਈ ਕੈਲੇਫੋਰਨੀਆਂ ਰਾਜ ਵਿਧਾਨ ਸਭਾ ਦਾ ਵਕਾਰੀ  ਅਵਾਰਡ ਦੇਣ ਦਾ ਐਲਾਨ ਕੀਤਾ ਗਿਆ ਜਿਸ ਨੂੰ ਸਰਵਸੰਮਤੀ ਨਾਲ ਅਤੇ ਤਾੜੀਆਂ ਦੀ ਗੂੰਜ ਨਾਲ ਪ੍ਰਵਾਨ ਕੀਤਾ ਗਿਆ। 




ਇਸ ਮੌਕੇ ਤੇ ਡਾਕਟਰ ਜਸਮੀਤ ਕੌਰ ਬੈਂਸ ਨੇ ਕਿਹਾ ਕਿ ਡਾਕਟਰ ਸਵੈਮਾਨ ਸਿੰਘ ਨੇ ਆਪਣਾ ਨੌਕਰੀ ਦੀ ਪ੍ਰਵਾਹ ਕੀਤੇ ਬਿਨਾਂ ਪੂਰਾ ਸਵਾ ਸਾਲ ਹਜ਼ਾਰਾਂ ਕਿਸਾਨਾਂ ਦੀ ਹਰ ਪ੍ਰਕਾਰ ਦੀ ਸੇਵਾ ਕੀਤੀ ਅਤੇ ਉੱਥੇ ਕੈਲੇਫੋਰਨੀਆਂ  ਪਿੰਡ ਵਸਾ ਕੇ ਹਰ ਪ੍ਰਕਾਰ ਦੀ ਸਹਾਇਤਾ ਕੀਤੀ । ਡਾਕਟਰ ਜਸਮੀਤ ਕੌਰ ਬੈਂਸ ਨੇ ਇਹ ਵੀ ਕਿਹਾ ਕਿ ਡਾਕਟਰ ਸਵੈਮਾਨ ਸਿੰਘ ਅਮਰੀਕਾ ਵਿੱਚ ਵੀ ਅਤੇ ਵਿਸ਼ਵ ਦੇ  ਹੋਰ ਕਿਸੇ ਵੀ ਦੇਸ਼ ਵਿੱਚ ਮਨੁੱਖਤਾ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ । 


 ਮਤੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਸਮੇਂ ਡਾਕਟਰ ਸਵੈਮਾਨ ਸਿੰਘ ਅਮਰੀਕਾ ਦੇ ਸੰਸਾਰ ਪ੍ਰਸਿੱਧ ਮੇਓ ਹਸਪਤਾਲ ਵਿਖੇ ਦਿਲ ਰੋਗਾਂ ਦੇ ਵੱਡੇ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ । ਉਹ ਹਾਰਟ ਟਰਾਂਸਪਲਾਂਟ ( ਦਿਲ ਬਦਲੀ ਕਰਨ ) ਅਤੇ ਸਮੇਂ ਤੋਂ ਪਹਿਲਾਂ ਦਿਲ ਫੇਲ ਹੋ ਜਾਣ ਵਰਗੀਆਂ ਗੰਭੀਰ  ਸਮੱਸਿਆਵਾਂ ਦੇ ਮਾਹਰ ਹਨ ।  ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾਕਟਰ ਸਵੈਮਾਨ ਸਿੰਘ ਨੇ ਉਹਨਾਂ 733 ਕਿਸਾਨਾਂ ਨੂੰ ਯਾਦ ਕੀਤਾ ਜਿਨਾਂ ਨੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ।


 ਉਹਨਾਂ ਨੇ ਦੁਨੀਆ ਭਰ ਦੇ ਉਹਨਾਂ ਲੋਕਾਂ ਦਾ ਵੀ ਸ਼ਲਾਘਾ ਕੀਤੀ ਜਿਨਾਂ ਨੇ ਕਿਸਾਨ ਸੰਘਰਸ਼ ਦੌਰਾਨ ਉਨਾਂ ਦੀ ਟੀਮ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ । ਇਸ ਮਹੱਤਵਪੂਰਨ ਮੌਕੇ ਡਾਕਟਰ ਸਵੈਮਾਨ ਸਿੰਘ ਦੇ ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ , ਮਾਤਾ ਸੁਰਿੰਦਰ ਕੌਰ ਖਹਿਰਾ ਪੱਖੋਕੇ ਅਤੇ ਵੱਡੇ ਭਾਈ ਸੰਗਰਾਮ ਸਿੰਘ ਪੱਖੋਕੇ ਵੀ ਹਾਜ਼ਰ ਸਨ। 


ਕੈਲੇਫੋਰਨੀਆਂ ਵਿਧਾਨ ਸਭਾ ਦੇ ਮੈਂਬਰਾਂ ਤੋਂ ਇਲਾਵਾ ਗੁਰਜਤਿੰਦਰ ਸਿੰਘ ਰੰਧਾਵਾ , ਡਾਕਟਰ ਜਸਵੀਰ ਸਿੰਘ ਕੰਗ , ਡਾਕਟਰ ਲਖਵਿੰਦਰ ਸਿੰਘ ਰੰਧਾਵਾ , ਡਾ. ਹਰਕੇਸ਼ ਸਿੰਘ ਸੰਧੂ , ਅਮਰਜੀਤ ਪੰਨੂ , ਐਚ.ਐਸ. ਪੰਨੂ , ਅੰਮ੍ਰਿਤ ਕੌਰ ਬੈਂਸ , ਜਸਬੀਰ ਸਿੰਘ ਤੂਰ , ਇਕਬਾਲ ਚੌਹਾਨ , ਪਵਿੱਤਰ ਨਾਹਲ , ਕੁਲਦੀਪ ਸਿੰਘ ਅਟਵਾਲ , ਡਾਕਟਰ ਸਰਬਜੀਤ ਸਿੰਘ , ਡਾਕਟਰ ਕਾਹਲੋ ਅਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ ।