ਆਪ੍ਰੇਸ਼ਨ ਸਿੰਦੂਰ 'ਤੇ ਰੂਸ ਗਏ ਭਾਰਤੀ ਸੰਸਦ ਮੈਂਬਰਾਂ ਦਾ ਵਫ਼ਦ ਮਾਸਕੋ ਹਵਾਈ ਅੱਡੇ 'ਤੇ ਡਰੋਨ ਹਮਲੇ ਤੋਂ ਵਾਲ-ਵਾਲ ਬਚ ਗਿਆ। ਇਸ ਜਹਾਜ਼ ਵਿੱਚ ਡੀਐਮਕੇ ਸੰਸਦ ਮੈਂਬਰ ਕਨੀਮੋਝੀ ਸਵਾਰ ਸਨ। ਡਰੋਨ ਹਮਲੇ ਕਾਰਨ ਇਹ ਜਹਾਜ਼ ਕਈ ਘੰਟਿਆਂ ਤੱਕ ਮਾਸਕੋ ਹਵਾਈ ਅੱਡੇ ਦੇ ਉੱਪਰ ਘੁੰਮਦਾ ਰਿਹਾ। ਕਈ ਘੰਟਿਆਂ ਦੀ ਦੇਰੀ ਤੇ ਸੁਰੱਖਿਆ ਸਥਿਤੀਆਂ ਦੇ ਮੁਲਾਂਕਣ ਤੋਂ ਬਾਅਦ, ਜਹਾਜ਼ ਆਖਰਕਾਰ ਮਾਸਕੋ ਹਵਾਈ ਅੱਡੇ 'ਤੇ ਉਤਰਿਆ।
ਭਾਰਤ ਤੋਂ ਛੇ ਵਫ਼ਦ ਵੱਖ-ਵੱਖ ਦੇਸ਼ਾਂ ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਭਾਰਤ ਦੇ ਸਟੈਂਡ ਨੂੰ ਦੱਸਣ ਲਈ ਗਏ ਹਨ। ਭਾਰਤ ਤੋਂ ਰੂਸ ਗਏ ਵਫ਼ਦ ਵਿੱਚ DMK ਦੀ ਸੰਸਦ ਮੈਂਬਰ ਕਨੀਮੋਝੀ, ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਜੀਵ ਰਾਏ, ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਪ੍ਰੇਮਚੰਦ ਗੁਪਤਾ, ਕੈਪਟਨ ਬ੍ਰਿਜੇਸ਼, ਅਸ਼ੋਕ ਕੁਮਾਰ ਮਿੱਤਲ ਅਤੇ ਰਾਜਦੂਤ ਮਨਜੀਵ ਸਿੰਘ ਪੁਰੀ ਸ਼ਾਮਲ ਹਨ।
ਸੰਸਦ ਮੈਂਬਰ ਕਨੀਮੋਝੀ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਦਾ ਵਫ਼ਦ 22 ਮਈ ਨੂੰ ਰੂਸ ਲਈ ਰਵਾਨਾ ਹੋਇਆ ਸੀ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕਨੀਮੋਝੀ ਨੂੰ ਲੈ ਕੇ ਜਾ ਰਹੇ ਜਹਾਜ਼ ਨੂੰ ਮਾਸਕੋ ਹਵਾਈ ਅੱਡੇ 'ਤੇ ਉਤਰਨ ਵਿੱਚ ਮੁਸ਼ਕਲ ਆਈ। ਯੂਕਰੇਨ ਨੇ ਕਥਿਤ ਤੌਰ 'ਤੇ ਰੂਸ ਦੇ ਮਾਸਕੋ ਹਵਾਈ ਅੱਡੇ 'ਤੇ ਡਰੋਨ ਹਮਲਾ ਕੀਤਾ ਹੈ।
ਇਸ ਤੋਂ ਬਾਅਦ ਮਾਸਕੋ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ ਤੇ ਉਤਰਨ ਦੀ ਉਡੀਕ ਕਰ ਰਹੇ ਜਹਾਜ਼ਾਂ ਨੂੰ ਅਸਥਾਈ ਤੌਰ 'ਤੇ ਹਵਾਈ ਅੱਡੇ 'ਤੇ ਉਤਰਨ ਦੀ ਇਜਾਜ਼ਤ ਨਹੀਂ ਸੀ। ਮਾਸਕੋ ਹਵਾਈ ਅੱਡੇ ਨੇ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਕਈ ਘੰਟਿਆਂ ਲਈ ਮੁਅੱਤਲ ਕਰ ਦਿੱਤਾ। ਇਸ ਕਾਰਨ ਸੰਸਦ ਮੈਂਬਰ ਕਨੀਮੋਝੀ ਕਰੁਣਾਨਿਧੀ ਨੂੰ ਲਿਜਾ ਰਿਹਾ ਜਹਾਜ਼ ਉਤਰ ਨਹੀਂ ਸਕਿਆ ਤੇ ਹਵਾ ਵਿੱਚ ਚੱਕਰ ਲਗਾਉਂਦਾ ਰਿਹਾ। ਅੰਤ ਵਿੱਚ, ਕਾਫ਼ੀ ਦੇਰੀ ਤੋਂ ਬਾਅਦ, ਜਹਾਜ਼ ਸੁਰੱਖਿਅਤ ਉਤਰ ਗਿਆ।
ਕਈ ਘੰਟਿਆਂ ਦੀ ਦੇਰੀ ਤੋਂ ਬਾਅਦ, ਸੰਸਦ ਮੈਂਬਰ ਕਨੀਮੋਝੀ ਨੂੰ ਲੈ ਕੇ ਜਾਣ ਵਾਲਾ ਜਹਾਜ਼ ਮਾਸਕੋ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ। ਇਸ ਤੋਂ ਬਾਅਦ, ਰੂਸ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਸਰਬ-ਪਾਰਟੀ ਸੰਸਦ ਮੈਂਬਰਾਂ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਉਨ੍ਹਾਂ ਦੇ ਹੋਟਲ ਪਹੁੰਚਾਇਆ।