ਈਰਾਨ-ਇਜ਼ਰਾਈਲ ਜੰਗ ਦਾ ਭਾਰਤ 'ਤੇ ਅਸਰ, ਤੇਲ ਅਤੇ ਸੁੱਕੇ ਮੇਵੇ ਹੋਣਗੇ ਮਹਿੰਗੇ? ਜਾਣੋ
Iran-Israel War: ਈਰਾਨ ਤੋਂ ਬਦਾਮ, ਕੇਸਰ, ਖਜੂਰ ਆਦਿ ਵਰਗੇ ਕਈ ਸੁੱਕੇ ਮੇਵਿਆਂ ਦੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਦਿੱਲੀ ਦੇ ਥੋਕ ਬਾਜ਼ਾਰਾਂ ਵਿੱਚ ਈਰਾਨੀ ਸੁੱਕੇ ਮੇਵਿਆਂ ਦੀਆਂ ਕੀਮਤਾਂ ਪੰਜ ਤੋਂ ਦਸ ਗੁਣਾ ਵੱਧ ਗਈਆਂ ਹਨ।

Iran-Israel War: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਨੂੰ ਅੱਜ ਸੱਤ ਦਿਨ ਹੋ ਗਏ ਹਨ। ਇਸ ਜੰਗ ਦਾ ਭਾਰਤ 'ਤੇ ਵੀ ਕਾਫੀ ਅਸਰ ਪੈ ਰਿਹਾ ਹੈ। ਇੰਨਾ ਹੀ ਨਹੀਂ ਚੀਜ਼ਾਂ ਵੀ ਦਿਨੋਂ-ਦਿਨ ਮਹਿੰਗੀਆਂ ਹੋਣ ਦੇ ਆਸਾਰ ਵੱਧ ਰਹੇ ਹਨ। ਇੱਕ ਪਾਸੇ ਜਿੱਥੇ ਭਾਰਤ ਲਈ ਤੇਲ ਸਪਲਾਈ ਵਿੱਚ ਕਮੀ ਦਾ ਖ਼ਤਰਾ ਵੱਧ ਗਿਆ ਹੈ। ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਪ੍ਰਭਾਵਿਤ ਹੋਣ ਵਾਲੀਆਂ ਹਨ।
ਭਾਰਤ ਆਪਣੀ ਕੱਚੇ ਤੇਲ ਦੀ ਜ਼ਰੂਰਤ ਦਾ ਲਗਭਗ 80 ਫੀਸਦੀ ਕੁਵੈਤ, ਕਤਰ, ਇਰਾਕ, ਸਾਊਦੀ ਅਰਬ ਵਰਗੇ ਦੇਸ਼ਾਂ ਤੋਂ ਆਯਾਤ ਕਰਦਾ ਹੈ। ਅਜਿਹੀ ਸਥਿਤੀ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਕਾਰਨ, ਮੱਧ ਪੂਰਬ ਤੋਂ ਤੇਲ ਦੀ ਸਪਲਾਈ ਬੰਦ ਹੋਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਜੰਗ ਦਾ ਅਸਰ ਸਿਰਫ਼ ਤੇਲ ਹੀ ਨਹੀਂ ਸਗੋਂ ਭਾਰਤ ਨੂੰ ਸਪਲਾਈ ਹੋਣ ਵਾਲੇ ਸੁੱਕੇ ਮੇਵਿਆਂ 'ਤੇ ਵੀ ਪੈਣ ਵਾਲਾ ਹੈ। ਭਾਰਤ ਅਫਗਾਨਿਸਤਾਨ ਤੋਂ ਕਿਸ਼ਮਿਸ਼, ਅਖਰੋਟ, ਬਦਾਮ, ਅੰਜੀਰ, ਖੁਰਮਾਨੀ ਵਰਗੇ ਸੁੱਕੇ ਮੇਵੇ ਦਰਾਮਦ ਕਰਦਾ ਹੈ। ਭਾਰਤ ਈਰਾਨ ਤੋਂ ਖਜੂਰ, ਮਮਰਾ ਬਦਾਮ, ਪਿਸਤਾ ਵਰਗੇ ਸੁੱਕੇ ਮੇਵੇ ਵੀ ਦਰਾਮਦ ਕਰਦਾ ਹੈ।
ਪਹਿਲਾਂ ਅਫਗਾਨਿਸਤਾਨ ਪਾਕਿਸਤਾਨ ਰਾਹੀਂ ਭਾਰਤ ਨੂੰ ਸੁੱਕੇ ਮੇਵੇ ਭੇਜਦਾ ਸੀ, ਪਰ ਹਾਲ ਹੀ ਦੇ ਸਮੇਂ ਵਿੱਚ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ, ਅਫਗਾਨਿਸਤਾਨ ਹੁਣ ਈਰਾਨ ਦੇ ਚਾਬਹਾਰ ਬੰਦਰਗਾਹ ਰਾਹੀਂ ਭਾਰਤ ਨੂੰ ਸੁੱਕੇ ਮੇਵੇ ਭੇਜਦਾ ਹੈ। ਹੁਣ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗ ਕਾਰਨ ਸੁੱਕੇ ਮੇਵਿਆਂ ਦੀ ਸਪਲਾਈ ਬੰਦ ਹੋ ਗਈ ਹੈ। ਇਸ ਕਾਰਨ ਦਿੱਲੀ ਦੇ ਥੋਕ ਬਾਜ਼ਾਰਾਂ ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਪੰਜ ਤੋਂ ਦਸ ਗੁਣਾ ਵੱਧ ਗਈਆਂ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਈਰਾਨ ਤੋਂ ਆਯਾਤ ਕੀਤੇ ਗਏ ਜ਼ਿਆਦਾਤਰ ਸੁੱਕੇ ਮੇਵੇ ਦੁਬਈ ਰਾਹੀਂ ਭਾਰਤ ਭੇਜੇ ਜਾਂਦੇ ਸਨ। ਦਰਅਸਲ, ਈਰਾਨ ਆਪਣੀ ਸਰਹੱਦ ਅਫਗਾਨਿਸਤਾਨ ਨਾਲ ਸਾਂਝੀ ਕਰਦਾ ਹੈ, ਇਸ ਲਈ ਆਸਾਨ ਆਵਾਜਾਈ ਦੇ ਕਾਰਨ, ਸੁੱਕੇ ਮੇਵੇ ਪਹਿਲਾਂ ਅਫਗਾਨਿਸਤਾਨ ਤੋਂ ਈਰਾਨ ਭੇਜੇ ਜਾਂਦੇ ਹਨ ਅਤੇ ਫਿਰ ਇੱਥੋਂ ਉਨ੍ਹਾਂ ਨੂੰ ਦੁਬਈ ਸਮੇਤ ਹੋਰ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ।
ਦੁਬਈ ਇੱਕ ਵੱਡਾ ਵਪਾਰਕ ਕੇਂਦਰ ਹੈ। ਇੱਥੋਂ ਦੇ ਕਾਰੋਬਾਰੀਆਂ ਨੇ ਵੱਡੀ ਗਿਣਤੀ ਵਿੱਚ ਗੋਦਾਮ ਬਣਾਏ ਹਨ ਅਤੇ ਇੱਥੋਂ ਭਾਰਤੀ ਕਾਰੋਬਾਰੀਆਂ ਨੂੰ ਸੁੱਕੇ ਮੇਵੇ ਸਪਲਾਈ ਕੀਤੇ ਜਾਂਦੇ ਹਨ। ਦਿੱਲੀ ਕਰਿਆਨੇ ਕਮੇਟੀ ਦੇ ਜਨਰਲ ਸਕੱਤਰ ਧੀਰਜ ਵੀ. ਸਿੰਧਵਾਨੀ ਦਾ ਕਹਿਣਾ ਹੈ ਕਿ, ਈਰਾਨ ਤੋਂ ਸੁੱਕੇ ਮੇਵਿਆਂ ਦੀ ਸਪਲਾਈ ਘੱਟ ਗਈ ਹੈ, ਜੇਕਰ ਇਸਨੂੰ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ।
ਈਰਾਨ ਭਾਰਤ ਨੂੰ ਭੇਜਦਾ ਆਹ ਸਾਰੀਆਂ ਚੀਜ਼ਾਂ
ਸਿਰਫ਼ ਸੁੱਕੇ ਮੇਵੇ ਅਤੇ ਤੇਲ ਹੀ ਨਹੀਂ, ਭਾਰਤ ਈਰਾਨ ਤੋਂ ਨਮਕ, ਸਲਫਰ, ਮਿੱਟੀ, ਪੱਥਰ, ਪਲਾਸਟਰ, ਚੂਨਾ ਅਤੇ ਸੀਮਿੰਟ, ਖਣਿਜ ਬਾਲਣ, ਪਲਾਸਟਿਕ ਅਤੇ ਇਸ ਤੋਂ ਬਣੇ ਪ੍ਰੋਡਕਟਸ , ਲੋਹਾ ਅਤੇ ਸਟੀਲ, ਜੈਵਿਕ ਰਸਾਇਣ, ਗੱਮ, ਰਾਲ ਅਤੇ ਲਾਹ ਵਰਗੇ ਉਤਪਾਦ ਵੀ ਆਯਾਤ ਕਰਦਾ ਹੈ।






















