ਵਾਸ਼ਿੰਗਟਨ: ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੂੰ ਟਰੰਪ ਪ੍ਰਸ਼ਾਸਨ ਦੀਆਂ ਗਲਤ ਨੀਤੀਆਂ ਦਾ ਸਮਰਥਨ ਕਰਨ ਲਈ ਵਰਜੀਨੀਆ ਦੇ ਰੈਸਟੋਰੇਂਟ ਮਾਲਕ ਨੇ ਆਪਣੇ ਰੈਸਟੋਰੈਂਟ 'ਚ ਸੇਵਾਵਾਂ ਦੇਣ ਤੋਂ ਮਨ੍ਹਾਂ ਕਰਦਿਆਂ ਉੱਥੋਂ ਬਾਹਰ ਜਾਣ ਲਈ ਕਹਿ ਦਿੱਤਾ।
ਦੱਸ ਦਈਏ ਕਿ ਸੈਂਡਰਸ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੱਲ੍ਹ ਰਾਤ ਮੈਨੂੰ ਲੇਕਿਸੰਗਟਨ 'ਚ ਸਥਿਤ ਰੈੱਡ ਹੇਨ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਮੈਂ ਟਰੰਪ ਪ੍ਰਸ਼ਾਸਨ ਨਾਲ ਕੰਮ ਕਰਦੀ ਹਾਂ।
ਜਦਕਿ ਰੈਸਟੋਰੈਂਟ ਦੀ ਮਾਲਿਕ ਸਟੇਫਿਨੀ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਉਹ ਰਾਸ਼ਟਰਪਤੀ ਦੀਆਂ ਗਲਤ ਨੀਤੀਆਂ ਦਾ ਬਚਾਅ ਕਰਨ ਵਾਲਿਆਂ ਨੂੰ ਸਵੀਕਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜ਼ਿਆਦਾਤਰ ਕਰਮਚਾਰੀ ਸਮਲਿੰਗੀ ਹਨ ਤੇ ਸਾਰਾ ਸੈਂਡਰਸ ਨੇ ਹਥਿਆਰਬੰਦ ਬਲਾਂ ਤੋਂ ਕਿੰਨਰਾਂ ਨੂੰ ਵੱਖ ਰੱਖਣ ਦੀ ਟਰੰਪ ਦੀ ਇੱਛਾ ਦਾ ਬਚਾਅ ਕੀਤਾ ਸੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਦਰੂਨੀ ਸੁਰੱਖਿਆ ਮੰਤਰੀ ਕ੍ਰਿਸਟਜੇਨ ਨੀਲਸਨ ਨੂੰ ਵੀ ਰੈਸਟੋਰੇਂਟ 'ਚ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ।