Earthquake in Cuba: ਐਤਵਾਰ ਦੇਰ ਰਾਤ ਪੂਰਬੀ ਕਿਊਬਾ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.8 ਸੀ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਸੈਂਟੀਆਗੋ ਡੀ ਕਿਊਬਾ ਅਤੇ ਆਸਪਾਸ ਦੇ ਪੇਂਡੂ ਖੇਤਰਾਂ ਦੀਆਂ ਇਮਾਰਤਾਂ ਹਿੱਲ ਗਈਆਂ। ਘਟਨਾ 'ਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਟਵਿੱਟਰ 'ਤੇ ਕਿਹਾ ਕਿ ਭੂਚਾਲ ਕਰਕੇ ਜ਼ਮੀਨ ਖਿਸਕ ਗਈ ਹੈ। ਘਰਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਅਸੀਂ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸਾਡਾ ਪਹਿਲਾ ਨਿਸ਼ਾਨਾ ਲੋਕਾਂ ਦੀ ਜਾਨ ਬਚਾਉਣਾ ਹੈ। ਇਸ ਦੌਰਾਨ ਰਾਇਟਰਜ਼ ਨੇ ਸਥਾਨਕ ਨਿਵਾਸੀਆਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਇੰਨਾ ਭਿਆਨਕ ਭੂਚਾਲ ਕਦੇ ਨਹੀਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਮਕਾਨ ਅਤੇ ਇਮਾਰਤਾਂ ਹਿੱਲ ਗਈਆਂ ਅਤੇ ਘਰ ਵਿੱਚ ਮੌਜੂਦ ਅਲਮਾਰੀਆਂ ਦੇ ਨਾਲ-ਨਾਲ ਭਾਂਡੇ, ਸ਼ੀਸ਼ੇ ਅਤੇ ਫੁੱਲਦਾਨ ਖਿੱਲਰ ਗਏ।
ਸੈਂਟੀਆਗੋ ਦੀ ਰਹਿਣ ਵਾਲੀ ਗ੍ਰੀਸੇਲਡਾ ਫਰਨਾਂਡੀਜ਼ ਨੇ ਦੱਸਿਆ ਕਿ ਭੂਚਾਲ ਕਾਰਨ ਇਲਾਕੇ ਦੇ ਕਈ ਘਰਾਂ ਅਤੇ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੇ ਮੌਜੂਦ ਸਾਰੀਆਂ ਥਾਵਾਂ ਪੁਰਾਣੀਆਂ ਹਨ। ਇਸ ਘਟਨਾ ਨਾਲ ਜੁੜੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਕਈ ਘਰਾਂ ਦੀਆਂ ਛੱਤਾਂ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਦਿਖਾਈ ਦੇ ਰਹੇ ਹਨ।
ਕਿਊਬਾ ਦੇ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ
USGS ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 6.8 ਸੀ, ਜਿਸ ਦਾ ਕੇਂਦਰ ਜ਼ਮੀਨ ਤੋਂ 14 ਕਿਲੋਮੀਟਰ ਅੰਦਰ ਸੀ। ਅਮਰੀਕੀ ਏਜੰਸੀ ਮੁਤਾਬਕ ਕਿਊਬਾ 'ਚ ਭੂਚਾਲ ਤੋਂ ਪਹਿਲਾਂ ਨੇੜਲੇ ਇਲਾਕਿਆਂ 'ਚ 5.9 ਤੀਬਰਤਾ ਦੇ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਊਬਾ ਦੇ ਅਧਿਕਾਰੀਆਂ ਨੇ ਕਿਹਾ ਕਿ ਪਹਿਲੇ ਦੋ ਤੋਂ ਬਾਅਦ 15 ਤੋਂ ਵੱਧ ਝਟਕੇ ਮਹਿਸੂਸ ਕੀਤੇ ਗਏ ਅਤੇ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਦਿੱਤੀ ਕਿਉਂਕਿ ਹੋਰ ਝਟਕੇ ਵੀ ਆਉਣ ਦੀ ਸੰਭਾਵਨਾ ਹੈ।
ਭੂਚਾਲ ਦੌਰਾਨ ਕੀ ਕਰਨਾ ਚਾਹੀਦਾ ਹੈ?
ਭੂਚਾਲ ਦੇ ਦੌਰਾਨ, ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਬਚਾਉਣ ਲਈ ਘਰ ਵਿੱਚ ਲੱਕੜ ਦੇ ਮੇਜ਼ ਜਾਂ ਬਿਸਤਰੇ ਦੇ ਹੇਠਾਂ ਲੁਕ ਜਾਣਾ ਚਾਹੀਦਾ ਹੈ। ਨਹੀਂ ਤਾਂ, ਕੋਈ ਚੀਜ਼ ਡਿੱਗਣ 'ਤੇ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਸਮੇਂ ਸਿਰ ਖਾਲੀ ਥਾਂ ਵੱਲ ਵਧਣਾ ਚਾਹੀਦਾ ਹੈ। ਕਿਸੇ ਵੀ ਇਮਾਰਤ ਜਾਂ ਦਰੱਖਤ ਦੇ ਨੇੜੇ ਨਹੀਂ ਰੁਕਣਾ ਚਾਹੀਦਾ, ਨਹੀਂ ਤਾਂ ਭੂਚਾਲ ਕਾਰਨ ਵਸਤੂ ਦੇ ਡਿੱਗਣ ਦੀ ਸੰਭਾਵਨਾ ਹੋਵੇਗੀ, ਜੋ ਖਤਰਨਾਕ ਹੋ ਸਕਦੀ ਹੈ।