ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ 'ਲਾ ਲਾ ਲੈਂਡ' ਦੀ ਅਦਾਕਾਰਾ ਐਮਾ ਸਟੋਨ ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ। ਫੋਰਬਸ ਮੈਗਜ਼ੀਨ ਵੱਲੋਂ ਜਾਰੀ ਜੂਨ 2016 ਤੋਂ ਜੂਨ 2017 ਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਅਦਾਕਾਰਾਂ ਦੀ ਸੂਚੀ ਵਿੱਚ ਸਟੋਨ ਸਿਖਰ 'ਤੇ ਹੈ।
ਐਮਾ ਸਟੋਨ ਨੇ ਇਸ 12 ਮਹੀਨਿਆਂ ਦੌਰਾਨ 17 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਜੈਨੀਫਰ ਐਨਿਸਟਨ ਤੇ ਐਮਾ ਵਾਟਸਨ ਨੂੰ ਪਛਾੜ ਦਿੱਤਾ ਹੈ। ਸਾਲ 2016 ਵਿੱਚ ਸਿਖਰ 'ਤੇ ਰਹਿਣ ਵਾਲੀ ਜੈਨੀਫਰ ਲਾਰੈਂਸ ਇਸ ਸਾਲ 15 ਕਰੋੜ ਦੀ ਕਮਾਈ ਨਾਲ ਤੀਜੇ ਸਥਾਨ 'ਤੇ ਖਿਸਕ ਗਈ ਹੈ। ਉਹ ਲਗਾਤਾਰ ਦੋ ਸਾਲ ਤੋਂ ਫੋਰਬਸ ਦੀ ਇਸ ਸਾਲਾਨਾ ਸੂਚੀ ਵਿੱਚ ਸਿਖਰ 'ਤੇ ਕਾਬਜ਼ ਸੀ।
ਐਮਾ ਸਟੋਨ ਦੀ ਕਮਾਈ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 160 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਐਮਾ ਨੇ ਤਕਰੀਬਨ 6.4 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 28 ਸਾਲਾ ਐਮਾ ਸਟੋਨ ਨੇ ਹਾਲ ਹੀ ਵਿੱਚ ਹਾਲੀਵੁੱਡ ਵਿੱਚ ਪੁਰਸ਼ ਤੇ ਮਹਿਲਾ ਅਦਾਕਾਰਾਂ ਵਿਚਕਾਰ ਕਮਾਈ ਦੇ ਵੱਡੇ ਫਰਕ ਦਾ ਮੁੱਦਾ ਚੁੱਕਿਆ ਸੀ।
ਬਾਲੀਵੁੱਡ ਦੀ ਕੋਈ ਵੀ ਅਦਾਕਾਰਾ ਇਸ ਸੂਚੀ ਵਿੱਚ ਜਗ੍ਹਾ ਨਹੀਂ ਬਣਾ ਸਕੀ। ਪਿਛਲੇ ਸਾਲ ਦੀਪਿਕਾ ਪਾਦੁਕੋਣ 6 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਨਾਲ ਇਸ ਸੂਚੀ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀਆਂ ਸਨ। ਉਹ 10ਵੇਂ ਸਥਾਨ ਉੱਤੇ ਸਨ। ਇਸ ਵਾਰ ਜਿਨ੍ਹਾਂ ਮਹਿਲਾ ਅਦਾਕਾਰਾਂ ਨੇ ਟਾਪ-10 ਵਿੱਚ ਜਗ੍ਹਾ ਬਣਾਈਆਂ ਹਨ ਉਨ੍ਹਾਂ ਦੀ ਔਸਤਨ ਕਮਾਈ 7 ਕਰੋੜ ਤੋਂ ਜ਼ਿਆਦਾ ਹੈ।
ਉੱਥੇ ਹੀ ਜੂਨ ਵਿੱਚ ਫੋਰਬਸ ਵੱਲੋਂ ਹੀ ਜਾਰੀ ਕੀਤੀ ਗਈ ਇਸ ਸਾਲ ਸਭ ਤੋਂ ਜਿਆਦਾ ਕਮਾਈ ਕਰਨ ਵਾਲੇ ਟਾਪ-100 ਸੈਲੇਬ੍ਰਿਟੀ ਦੀ ਸੂਚੀ ਵਿੱਚ ਭਾਰਤ ਦੇ ਸ਼ਾਹਰੁਖ ਖ਼ਾਨ (65ਵਾਂ), ਸਲਮਾਨ ਖ਼ਾਨ (71ਵਾਂ) ਤੇ ਅਕਸ਼ੈ ਕੁਮਾਰ (80ਵਾਂ) ਸ਼ਾਮਿਲ ਹਨ।
ਛੇਵੇਂ ਸਥਾਨ ਉੱਤੇ ਕਾਬਜ਼ ਐਮਾ ਵਾਟਸਨ ਸਿਖਰਲੀਆਂ 10 ਵਿੱਚ ਸ਼ਾਮਲ ਇਕਲੌਤੀ ਬ੍ਰਿਟਿਸ਼ ਅਦਾਕਾਰਾ ਹਨ। ਉਨ੍ਹਾਂ ਨੇ ਪਹਿਲੀ ਵਾਰ ਇਸ ਸੂਚੀ ਵਿੱਚ ਜਗ੍ਹਾ ਬਣਾਈ ਹੈ। ਇਸ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ-10 ਮਹਿਲਾ ਅਦਾਕਾਰਾਂ ਨੇ ਕੁੱਲ 110 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਪਿਛਲੇ ਸਾਲ ਟਾਪ-10 ਮਹਿਲਾ ਅਦਾਕਾਰਾਂ ਦੀ ਕਮਾਈ ਤਕਰੀਬਨ 131 ਕਰੋੜ ਸੀ।
ਹਾਲਾਂਕਿ ਪੁਰਸ਼ ਅਦਾਕਾਰਾਂ ਦੀ ਕਮਾਈ ਦੇ ਮਾਮਲੇ ਵਿੱਚ ਇਹ ਅੱਧੇ ਤੋਂ ਵੀ ਘੱਟ ਹੈ। ਇਸ ਸਾਲ ਟਾਪ-10 ਕਮਾਈ ਕਰਨ ਵਾਲੇ ਪੁਰਸ਼ ਅਦਾਕਾਰਾਂ ਦੀ ਸੂਚੀ ਇਸ ਮਹੀਨੇ ਦੇ ਅੰਤ ਵਿੱਚ ਜਾਰੀ ਕੀਤੀ ਜਾਵੇਗੀ।