ਓਸਲੋ: 2019 ਦਾ ਸ਼ਾਂਤੀ ਦਾ ਨੋਬਲ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ (43) ਨੂੰ ਦਿੱਤਾ ਗਿਆ ਹੈ। ਅਬੀ ਅਹਿਮਦ ਅਲੀ ਨੇ ਗੁਆਂਢੀ ਦੇਸ਼ ਇਰੀਟਰੀਆ ਨਾਲ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਕਦਮ ਚੁੱਕੇ ਸੀ। ਨਾਰਵੇਈ ਨੋਬਲ ਕਮੇਟੀ ਨੇ ਇਨ੍ਹਾਂ ਯਤਨਾਂ ਲਈ ਅਬੀ ਨੂੰ ਨੋਬਲ ਪੁਰਸਕਾਰ ਦਿੱਤਾ।
ਨਾਰਵੇ ਦੀ ਨੋਬਲ ਕਮੇਟੀ ਨੇ ਸ਼ਾਂਤੀ ਤੇ ਅੰਤਰਰਾਸ਼ਟਰੀ ਸਹਿਯੋਗ ਲਈ ਕੀਤੇ ਯਤਨਾਂ ਲਈ ਅਬੀ ਅਹਿਮਦ ਨੂੰ ਨੋਬਲ ਨਾਲ ਸਨਮਾਨਿਤ ਕੀਤਾ। ਇਥੋਪੀਆ ਤੇ ਪੂਰਬੀ ਤੇ ਉੱਤਰ-ਪੂਰਬੀ ਅਫਰੀਕੀ ਖੇਤਰ ਵਿੱਚ ਸ਼ਾਂਤੀ ਲਈ ਯਤਨਸ਼ੀਲ ਸਾਰੇ ਲੋਕਾਂ ਨੂੰ ਵੀ ਅਬੀ ਨੂੰ ਦਿੱਤੇ ਇਸ ਸਨਮਾਨ ਨਾਲ ਪਛਾਣ ਮਿਲੀ ਹੈ।
ਅਲੀ ਫੌਜ ਵਿੱਚ ਇੱਕ ਖੁਫੀਆ ਅਧਿਕਾਰੀ ਸਨ। ਉਨ੍ਹਾਂ ਦੇਸ਼ ਵਿੱਚ ਵੱਡੇ ਪੱਧਰ 'ਤੇ ਆਰਥਿਕ ਤੇ ਰਾਜਨੀਤਕ ਸੁਧਾਰਾਂ ਨੂੰ ਲਾਗੂ ਕੀਤਾ। ਉਨ੍ਹਾਂ ਇਥੋਪੀਆ ਦੇ ਗੁਆਂਢੀ ਦੇਸ਼ ਇਰੀਟਰੀਆ ਨਾਲ 20 ਸਾਲ ਪੁਰਾਣੇ ਵਿਵਾਦ ਨੂੰ ਖਤਮ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਇਹੀ ਉਨ੍ਹਾਂ ਨੂੰ ਨੋਬਲ ਦੇਣ ਦਾ ਸਭ ਤੋਂ ਵੱਡਾ ਅਧਾਰ ਬਣ ਗਿਆ। ਉਹ 2018 ਵਿੱਚ ਪ੍ਰਧਾਨ ਮੰਤਰੀ ਬਣੇ ਸੀ।