Japan News : ਜਾਪਾਨ ਤੋਂ ਵੱਡੀ ਖਬਰ ਆ ਰਹੀ ਹੈ। ਇੱਥੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਮੀਟਿੰਗ ਵਿੱਚ ਜ਼ੋਰਦਾਰ ਧਮਾਕਾ ਹੋਇਆ। ਹਾਲਾਂਕਿ, ਕਿਸ਼ਿਦਾ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਜਾਪਾਨੀ ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਿਦਾ ਨੇੜੇ ਪਾਈਪ ਵਰਗੀ ਚੀਜ਼ ਸੁੱਟੀ ਗਈ। ਮਾਮਲੇ 'ਚ ਪੱਛਮੀ ਜਾਪਾਨ ਦੇ ਵਾਕਾਯਾਮਾ 'ਚ ਇਕ ਬੰਦਰਗਾਹ 'ਤੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ।


ਇਸ ਘਟਨਾ ਦਾ ਇੱਕ ਵੀਡੀਓ ਨਿਊਜ਼ ਆਉਟਲੇਟ BNONE News ਦੁਆਰਾ ਟਵਿੱਟਰ 'ਤੇ ਸਾਂਝਾ ਕੀਤਾ ਗਿਆ ਹੈ। ਦੇਖਿਆ ਜਾ ਸਕਦਾ ਹੈ ਕਿ ਵਾਕਾਯਾਮਾ 'ਚ ਇਕੱਠੇ ਹੋਏ ਸਭ ਤੋਂ ਪਹਿਲਾਂ ਮੀਡੀਆ ਕਰਮੀ ਅਤੇ ਹੋਰ ਲੋਕ ਜ਼ੋਰਦਾਰ ਧਮਾਕੇ ਤੋਂ ਬਾਅਦ ਭੱਜਦੇ ਹੋਏ ਦਿਖਾਈ ਦੇ ਰਹੇ ਹਨ। 19 ਸੈਕਿੰਡ ਦੀ ਫੁਟੇਜ ਵਿੱਚ ਮੀਡੀਆ ਕਰਮੀਆਂ ਅਤੇ ਹੋਰਾਂ ਨੂੰ ਮੌਕੇ ਤੋਂ ਭੱਜਦੇ ਹੋਏ ਦਿਖਾਇਆ ਗਿਆ ਹੈ ਜਿੱਥੇ ਕਿਸ਼ਿਦਾ ਵੀ ਦੱਸਿਆ ਜਾ ਰਿਹਾ ਹੈ। ਇਸ ਥਾਂ 'ਤੇ ਧਮਾਕੇ ਤੋਂ ਬਾਅਦ ਹਰ ਪਾਸੇ ਧੂੰਆਂ ਹੀ ਧੂੰਆਂ ਹੀ ਛਾ ਗਿਆ।


 




ਇਹ ਧਮਾਕਾ ਭਾਸ਼ਣ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਹੋਇਆ


 


ਮੀਡੀਆ ਮੁਤਾਬਕ ਮੌਕੇ 'ਤੇ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਵਾਲੀ ਥਾਂ 'ਤੇ ਤੁਰੰਤ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ ਕਵਰ ਕੀਤਾ ਗਿਆ। ਮੌਕੇ 'ਤੇ ਇਕੱਠੇ ਹੋਏ ਲੋਕ ਵੀ ਇਧਰ-ਉਧਰ ਭੱਜਣ ਲੱਗੇ। ਇਸ ਦੇ ਨਾਲ ਹੀ 'ਜਾਪਾਨ ਟਾਈਮਜ਼' ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਠੀਕ ਪਹਿਲਾਂ ਵਾਕਾਯਾਮਾ ਸ਼ਹਿਰ 'ਚ ਧਮਾਕਾ ਹੋਇਆ।


ਪੁਲਿਸ ਨੇ ਟਿੱਪਣੀ ਕਰਨ ਤੋਂ ਕਰ ਦਿੱਤਾ ਇਨਕਾਰ


ਘਟਨਾ ਦੀ ਤੁਰੰਤ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ, ਸਥਾਨਕ ਪੁਲਿਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰਾਸ਼ਟਰੀ ਪ੍ਰਸਾਰਕ NHK ਨੇ ਘਟਨਾ ਸਥਾਨ 'ਤੇ ਭੀੜ ਦੇ ਵਿਚਕਾਰ ਪੁਲਿਸ ਦੁਆਰਾ ਹਿਰਾਸਤ ਵਿੱਚ ਲਏ ਗਏ ਇੱਕ ਵਿਅਕਤੀ ਦੀ ਫੁਟੇਜ ਵੀ ਦਿਖਾਈ। ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਇੱਕ ਪ੍ਰਚਾਰ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਜਾਪਾਨ ਨੇ ਸੁਰੱਖਿਆ ਵਧਾ ਦਿੱਤੀ ਹੈ।