Iraq - ਇਰਾਕ ਵਿੱਚ ਇੱਕ ਮੈਰਿਜ ਹਾਲ ਵਿੱਚ ਅੱਗ ਲੱਗਣ ਕਰਕੇ 100 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਹਾਦਸੇ 'ਚ ਲਾੜਾ-ਲਾੜੀ ਵੀ ਜ਼ਖਮੀ ਹੋ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਅੱਗ ਇਰਾਕ ਦੇ ਨੀਨੇਵੇ ਸੂਬੇ ਦੇ ਹਮਦਾਨੀਆ ਇਲਾਕੇ 'ਚ ਲੱਗੀ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕੁਝ ਮੀਡੀਆ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਮੈਰਿਜ ਹਾਲ 'ਚ ਅੱਗ ਲੱਗ ਗਈ।
ਦੱਸ ਦਈਏ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਘਟਨਾ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਮੈਰਿਜ ਹਾਲ ਪੂਰੀ ਤਰ੍ਹਾਂ ਖੰਡਰ ਹੋ ਚੁੱਕਾ ਹੈ। ਬਚਾਅ ਟੀਮ ਉਥੋਂ ਲਾਸ਼ਾਂ ਨੂੰ ਕੱਢ ਰਹੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਲੋਕਾਂ ਨੂੰ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
13 ਜੁਲਾਈ, 2021 ਨੂੰ, ਇਰਾਕ ਦੇ ਦੱਖਣੀ ਸ਼ਹਿਰ ਨਸੀਰੀਆ ਦੇ ਅਲ-ਹੁਸੈਨ ਕੋਵਿਡ ਹਸਪਤਾਲ ਵਿੱਚ ਅੱਗ ਲੱਗ ਗਈ ਸੀ। ਇਸ 'ਚ 2 ਸਿਹਤ ਕਰਮਚਾਰੀਆਂ ਸਮੇਤ 58 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੋਵਿਡ ਵਾਰਡ 'ਚ ਆਕਸੀਜਨ ਟੈਂਕ 'ਚ ਧਮਾਕਾ ਹੋਣ ਕਰਕੇ ਅੱਗ ਲੱਗੀ ਸੀ।
ਮ੍ਰਿਤਕਾਂ ਨੂੰ ਇਰਾਕ ਦੇ ਨਜਫ ਵਿੱਚ ਦਫ਼ਨਾਇਆ ਗਿਆ।
ਇਸ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਸੀਨੀਅਰ ਮੰਤਰੀਆਂ ਦੀ ਮੀਟਿੰਗ ਬੁਲਾਈ। ਇਸ ਵਿੱਚ ਨਸੀਰੀਆ ਹਸਪਤਾਲ ਦੇ ਸੁਰੱਖਿਆ ਪ੍ਰਬੰਧਕਾਂ ਨੂੰ ਮੁਅੱਤਲ ਅਤੇ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਗਏ ਹਨ।