ਨਿਊਯਾਰਕ : ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਸੁਰੱਖਿਆ ਦੇ ਨਾਮ ਉੱਤੇ ਨਿਊਯਾਰਕ ਦੇ ਹਵਾਈ ਅੱਡੇ ਉੱਤੇ ਕਈ ਘੰਟੇ ਬਿਠਾ ਕੇ ਪ੍ਰੇਸ਼ਾਨ ਕੀਤਾ ਗਿਆ। ਹਵਾਈ ਅੱਡੇ ਉੱਤੇ ਕਰੀਬ ਦੋ ਘੰਟੇ ਬੈਠਣ ਤੋਂ ਬਾਅਦ ਉਮਰ ਅਬਦੁੱਲਾ ਨੇ ਤੰਗ ਆ ਕੇ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਟਵੀਟ ਵਿੱਚ ਲਿਖਿਆ ਕਿ ਤਿੰਨ ਯਾਤਰਾਵਾਂ ਵਿੱਚ ਤੀਸਰੀ ਵਾਰ ਅਚਾਨਕ ਹੋਣ ਵਾਲੀ ਇਹ ਜਾਂਚ ਬਹੁਤ ਥਕਾਉਣ ਵਾਲੀ ਹੁੰਦੀ ਜਾ ਰਹੀ ਹੈ। ਉਮਰ ਨੇ ਅੱਗੇ ਲਿਖਿਆ ਕਿ ਮੈਨੂੰ ਦੋ ਘੰਟੇ ਹੋਲਡਿੰਗ ਇਲਾਕੇ ਵਿੱਚ ਬਤੀਤ ਕਰਨੇ ਪਏ ਅਤੇ ਅਜਿਹਾ ਹਰ ਵਾਰ ਹੁੰਦਾ ਹੈ। ਇਹ ਦੋ ਘੰਟੇ ਪੂਰੀ ਤਰ੍ਹਾਂ ਬਰਬਾਦ ਹੋ ਗਏ। ਨਿਊਯਾਰਕ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਹਿੱਸਾ ਲਏ ਉਮਰ ਉੱਥੇ ਗਏ ਹਨ।

ਅਮਰੀਕਾ ਸੁਰੱਖਿਆ ਦੇ ਨਾਮ ਉੱਤੇ ਪਹਿਲਾਂ ਵੀ ਕਈ ਵਾਰ ਭਾਰਤੀ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪ੍ਰੇਸ਼ਾਨ ਕਰ ਚੁੱਕਾ ਹੈ। 2011 ਵਿੱਚ ਨਿਊਯਾਰਕ ਦੇ ਜਾਨ ਆਫ਼ ਕੈਨੇਡੀ ਹਵਾਈ ਅੱਡੇ ਉੱਤੇ ਸਾਬਕਾ ਰਾਸ਼ਟਰਪਤੀ ਏਪੀਜੇ ਅਬੁਦਲ ਕਲਾਮ ਨੂੰ ਦੋ ਵਾਰ ਰੋਕਿਆ ਗਿਆ। ਇਸ ਘਟਨਾ ਉੱਤੇ ਭਾਰਤ ਸਰਕਾਰ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ।

ਕਲਾਮ ਤੋਂ ਇਲਾਵਾ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਜ਼ ਦੀ 2002 ਵਿੱਚ ਡੈਲਸ ਹਵਾਈ ਅੱਡੇ ਉੱਤੇ ਕੱਪੜੇ ਉਤਰਵਾ ਕੇ ਤਲਾਸ਼ੀ ਲਈ ਗਈ ਸੀ। ਇਸੀ ਤਰ੍ਹਾਂ ਫ਼ਿਲਮ ਐਕਟਰ ਸ਼ਾਹਰੁੱਖ਼ ਖ਼ਾਨ ਨੂੰ ਵੀ ਕਈ ਵਾਰ ਅਮਰੀਕਾ ਦੇ ਹਵਾਈ ਅੱਡੇ ਉੱਤੇ ਸੁਰੱਖਿਆ ਦੇ ਨਾਮ ਉੱਤੇ ਰੋਕਿਆ ਗਿਆ।