Boris Johnson News Job: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਹੁਣ ਨਿਊਜ਼ ਚੈਨਲ ਨਾਲ ਕੰਮ ਕਰਨਗੇ। ਉਹਨਾਂ ਐਕਸ 'ਤੇ ਆਪਣਾ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ਹੁਣ ਉਹ ਜੀਬੀ ਨਿਊਜ਼ 'ਚ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ। ਰਾਇਟਰਜ਼ ਦੇ ਅਨੁਸਾਰ, ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਕਸ 'ਤੇ ਕਿਹਾ, "ਮੈਂ ਬਹੁਤ ਖੁਸ਼ ਹਾਂ ਕਿ ਮੈਂ ਜਲਦੀ ਹੀ ਤੁਹਾਡੇ ਨਾਲ ਜੀਬੀ ਨਿਊਜ਼ 'ਤੇ ਜੁੜਨ ਜਾ ਰਿਹਾ ਹਾਂ।"


ਸਾਬਕਾ ਪੀਐਮ ਜਾਨਸਨ ਨੇ ਕਿਹਾ ਕਿ ਉਹ ਇਸ ਨਵੇਂ ਟੀਵੀ ਚੈਨਲ 'ਤੇ ਆਪਣੇ ਸਪੱਸ਼ਟ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ, "ਇਸ ਟੀਵੀ ਚੈਨਲ 'ਤੇ, ਮੈਂ ਰੂਸ, ਚੀਨ, ਯੂਕਰੇਨ ਵਿੱਚ ਜੰਗ ਦੀਆਂ ਇਨ੍ਹਾਂ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਆਪਣੇ ਵਿਚਾਰ ਪੇਸ਼ ਕਰਾਂਗਾ।"


ਬ੍ਰਿਟੇਨ ਦੀਆਂ ਚੋਣਾਂ ਨੂੰ ਕਰਨਗੇ ਕਵਰ 


ਜੀਬੀ ਨਿਊਜ਼ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜੌਹਨਸਨ 2024 ਤੋਂ News Presenter, Program Maker ਅਤੇ commentator ਵਜੋਂ ਕੰਮ ਕਰਨਗੇ। ਜੀਬੀ ਨਿਊਜ਼ ਨੇ ਕਿਹਾ, ''ਅਗਲੇ ਸਾਲ ਬ੍ਰਿਟੇਨ 'ਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਾਨਸਨ ਅਮਰੀਕੀ ਚੋਣਾਂ ਨੂੰ ਕਵਰ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੇ। ਰਾਜਨੀਤੀ 'ਚ ਆਉਣ ਤੋਂ ਪਹਿਲਾਂ ਪੱਤਰਕਾਰ ਵਜੋਂ ਕੰਮ ਕਰਨ ਵਾਲੇ ਜਾਨਸਨ ਡੇਲੀ ਮੇਲ ਲਈ ਕਾਲਮ ਵੀ ਲਿਖਦੇ ਹਨ।


 






 


ਸਾਲ 2022 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ


ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਤੋਂ ਬਾਹਰ ਕਰਨ ਦੀ ਲਹਿਰ ਵਿੱਚ ਮੁੱਖ ਆਗੂ ਸਨ। ਸਾਲ 2019 ਵਿੱਚ, ਉਹ ਪ੍ਰਧਾਨ ਮੰਤਰੀ ਬਣੇ ਅਤੇ ਉਸੇ ਸਾਲ ਦੇ ਅੰਤ ਵਿੱਚ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ। ਸਾਲ 2022 'ਚ ਇਕ ਤੋਂ ਬਾਅਦ ਇਕ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਸੀ, ਜਿਸ ਕਾਰਨ ਕੰਜ਼ਰਵੇਟਿਵ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ।


ਇਸ ਸਾਲ ਜੂਨ ਵਿੱਚ ਬੋਰਿਸ ਜਾਨਸਨ ਨੂੰ ਸੰਸਦ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ 'ਤੇ ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਦੀ ਉਲੰਘਣਾ ਕਰਨ ਅਤੇ ਇਸ ਸਬੰਧੀ ਸੰਸਦ ਨੂੰ ਗੁੰਮਰਾਹ ਕਰਨ ਦਾ ਦੋਸ਼ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਸੰਸਦ ਨੂੰ ਗੁੰਮਰਾਹ ਕਰਨ ਦੀ ਗੱਲ ਵੀ ਕਬੂਲੀ ਸੀ।