Charles Sobhraj News: ਫਰਾਂਸ ਦੇ ਸੀਰੀਅਲ ਕਿਲਰ ਚਾਰਲਸ ਸੋਭਰਾਜ ਨੂੰ ਸ਼ੁੱਕਰਵਾਰ (23 ਦਸੰਬਰ) ਨੂੰ ਨੇਪਾਲ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਨੇਪਾਲ ਦੀ ਸੁਪਰੀਮ ਕੋਰਟ ਨੇ ਬੁੱਧਵਾਰ (21 ਦਸੰਬਰ) ਨੂੰ ਚਾਰਲਸ ਸੋਭਰਾਜ ਨੂੰ ਬੁਢਾਪੇ ਅਤੇ ਵਿਗੜਦੀ ਸਿਹਤ ਕਾਰਨ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਸੋਭਰਾਜ ਦੋ ਅਮਰੀਕੀ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ 'ਚ 2003 ਤੋਂ ਸਜ਼ਾ ਕੱਟ ਰਿਹਾ ਸੀ।


ਨੇਪਾਲ ਦੀ ਅਦਾਲਤ ਨੇ 78 ਸਾਲਾ ਸੋਭਰਾਜ ਨੂੰ 95 ਫੀਸਦੀ ਸਜ਼ਾ ਕੱਟਣ ਤੋਂ ਬਾਅਦ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਬੁੱਧਵਾਰ ਨੂੰ ਇਹ ਹੁਕਮ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਜੇਲ ਦੇ ਨਿਯਮ ਮੁਤਾਬਕ ਜੇ ਕੋਈ ਵਿਅਕਤੀ ਆਪਣੀ ਸਜ਼ਾ ਦਾ 75 ਫੀਸਦੀ ਪੂਰਾ ਕਰ ਚੁੱਕਾ ਹੈ, 65 ਸਾਲ ਤੋਂ ਵੱਧ ਉਮਰ ਦਾ ਹੈ ਅਤੇ ਉਸ ਦਾ ਵਿਵਹਾਰ ਚੰਗਾ ਹੈ ਤਾਂ ਉਸ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ। ਸ਼ੋਭਰਾਜ ਦੇ ਵਕੀਲ ਲੰਬੇ ਸਮੇਂ ਤੋਂ ਅਦਾਲਤ 'ਚ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀ ਅਪੀਲ ਕਰ ਰਹੇ ਸਨ।


15 ਦਿਨਾਂ ਦੇ ਅੰਦਰ ਦੇਸ਼ ਪਹੁੰਚਣ ਦੇ ਹੁਕਮ ਦਿੱਤੇ ਹਨ


ਸੋਭਰਾਜ ਦੇ ਵਕੀਲ ਨੇ ਸੀਨੀਅਰ ਸਿਟੀਜ਼ਨ ਐਕਟ 2063 ਦੇ ਤਹਿਤ ਅਦਾਲਤ ਸਾਹਮਣੇ ਉਸ ਦੀ ਰਿਹਾਈ ਦੀ ਮੰਗ ਰੱਖੀ ਸੀ। ਹੁਣ ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਸੋਭਰਾਜ ਨੂੰ 15 ਦਿਨਾਂ ਦੇ ਅੰਦਰ ਉਸ ਦੇ ਦੇਸ਼ ਭੇਜਿਆ ਜਾਵੇ। ਫਰਾਂਸ ਦੇ ਨਾਗਰਿਕ ਸੋਭਰਾਜ ਨੂੰ ਲੰਬਾ ਸਮਾਂ ਕੇਂਦਰੀ ਜੇਲ੍ਹ ਵਿੱਚ ਰੱਖਣ ਤੋਂ ਬਾਅਦ ਸੁਪਰੀਮ ਕੋਰਟ ਨੇ 21 ਦਸੰਬਰ ਨੂੰ ਹੀ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਸਨ। ਸੋਭਰਾਜ ਦੇ ਮੈਡੀਕਲ ਚੈੱਕਅਪ ਤੋਂ ਪਹਿਲਾਂ ਕੇਂਦਰੀ ਜੇਲ੍ਹ ਅਧਿਕਾਰੀ ਈਸ਼ਵਰੀ ਪ੍ਰਸਾਦ ਪਾਂਡੇ ਨੇ ਦੱਸਿਆ ਕਿ ਅਸੀਂ ਕਾਠਮੰਡੂ ਅਤੇ ਭਕਤਾਪੁਰ ਜ਼ਿਲ੍ਹਾ ਅਦਾਲਤਾਂ ਨੂੰ ਉਸ ਵਿਰੁੱਧ ਹਰ ਕੇਸ ਰੱਦ ਕਰਨ ਦੀ ਬੇਨਤੀ ਕੀਤੀ ਸੀ।


ਹੁਣ ਅਸੀਂ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਪੂਰੀ ਕਰ ਕੇ ਸੋਭਰਾਜ ਨੂੰ ਇਮੀਗ੍ਰੇਸ਼ਨ ਦੇ ਹਵਾਲੇ ਕਰਾਂਗੇ। ਖ਼ਤਰਨਾਕ ਅਪਰਾਧੀ ਸ਼ੋਭਰਾਜ ਨੇ ਨੇਪਾਲ ਅਥਾਰਟੀ ਨੂੰ ਗੰਗਾਲਾਲ ਹਾਰਟ ਹਸਪਤਾਲ ਵਿੱਚ ਉਸ ਦੇ ਦਿਲ ਦੀ ਸਰਜਰੀ ਹੋਣ ਤੱਕ ਹੋਟਲ ਵਿੱਚ ਰਹਿਣ ਦੀ ਬੇਨਤੀ ਕੀਤੀ ਸੀ, ਜਿਸ ਬਾਰੇ ਅਥਾਰਟੀ ਅਜੇ ਵਿਚਾਰ ਕਰ ਰਹੀ ਹੈ।


ਕਈ ਦੋਸ਼ ਲੱਗੇ ਹਨ


ਚਾਰਲਸ ਸੋਭਰਾਜ ਨੂੰ 1975 ਵਿੱਚ ਨੇਪਾਲ ਵਿੱਚ ਦੋ ਅਮਰੀਕੀ ਸੈਲਾਨੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਚਾਰਲਸ ਸੋਭਰਾਜ ਰੂਪ ਬਦਲਣ ਵਿੱਚ ਮਾਹਰ ਸੀ। ਉਹ ਸੈਲਾਨੀਆਂ ਅਤੇ ਮੁਟਿਆਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਚਾਰਲਸ ਸੋਭਰਾਜ 'ਤੇ ਭਾਰਤ, ਥਾਈਲੈਂਡ, ਨੇਪਾਲ, ਤੁਰਕੀ ਅਤੇ ਈਰਾਨ 'ਚ ਹੱਤਿਆ ਦੇ ਦੋਸ਼ ਹਨ।