ਐਡਿਸ ਅਬਾਬਾ: ਇਥੋਪੀਆ ਵਿੱਚ ਐਤਵਾਰ ਨੂੰ ਕ੍ਰੈਸ਼ ਹੋਏ ਜਹਾਜ਼ ਵਿੱਚ 157 ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 4 ਭਾਰਤੀਆਂ ਸਮੇਤ ਕੁੱਲ 35 ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ। ਹਾਲਾਂਕਿ ਗ੍ਰੀਸ ਦੇ ਰਹਿਣ ਵਾਲੇ ਐਂਟੋਨਿਸ ਮਾਵਰੋਪੋਊਲੋਸ ਖ਼ੁਸ਼ਕਿਸਮਤ ਰਹੇ, ਕਿਉਂਕਿ ਸਿਰਫ ਦੋ ਮਿੰਟਾਂ ਦੀ ਦੇਰੀ ਹੋਣ ਕਰਕੇ ਉਹ ਉਸ ਉਡਾਣ ਵਿੱਚ ਬੈਠ ਹੀ ਨਹੀਂ ਸਕੇ। ਉਨ੍ਹਾਂ ਨੂੰ ਡਿਪਾਰਚਰ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ। ਜਦੋਂ ਉਨ੍ਹਾਂ ਨੂੰ ਉਸ ਜਹਾਜ਼ ਦੇ ਕ੍ਰੈਸ਼ ਹੋਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਫੇਸਬੁੱਕ ’ਤੇ ਲਿਖਿਆ ਕਿ ਅੱਜ ਉਨ੍ਹਾਂ ਦਾ ਭਾਗਾਂਵਾਲਾ ਦਿਨ ਸੀ।
ਇੱਕ ਖ਼ਬਰ ਏਜੰਸੀ ਮੁਤਾਬਕ ਐਂਟੋਨਿਸ ਇੱਕ ਗੈਰ ਸਰਕਾਰੀ ਸੰਸਥਾ ਇੰਟਰਨੈਸ਼ਨਲ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰੈਜ਼ੀਡੈਂਟ ਹਨ। ਉਨ੍ਹਾਂ ਨੂੰ ਨੈਰੋਬੀ ਵਿੱਚ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਜਾਣਾ ਸੀ। ਇਸ ਲਈ ਉਨ੍ਹਾਂ ਐਤਵਾਰ ਦੀ ਈਟੀ 302 ਉਡਾਣ ਬੁੱਕ ਕੀਤੀ ਸੀ। ਹਾਲਾਂਕਿ ਹਵਾਈ ਅੱਡੇ ਪੁੱਜਣ ਬਾਅਦ ਡਿਪਾਰਚਰ ਗੇਟ ’ਤੇ ਪਹੁੰਚਦਿਆਂ ਉਹ ਸਿਰਫ ਦੋ ਮਿੰਟ ਲੇਟ ਹੋ ਗਏ ਸੀ। ਇਸ ਕਰਕੇ ਉਨ੍ਹਾਂ ਦੀ ਉਡਾਣ ਛੁੱਟ ਗਈ ਸੀ।
ਇਸ ਪਿੱਛੋਂ ਉਨ੍ਹਾਂ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਉਹ ਪਹਿਲਾਂ ਕਾਫੀ ਗੁੱਸੇ ਵਿੱਚ ਸੀ ਕਿਉਂਕਿ ਡਿਪਾਰਚਰ ਗੇਟ ਤਕ ਪਹੁੰਚਣ ਵਿੱਚ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਪੋਸਟ ਦੇ ਨਾਲ ਉਨ੍ਹਾਂ ਉਸ ਉਡਾਣ ਦੀ ਟਿਕਟ ਨਾਲ ਲਿਖਿਆ, ‘ਅੱਜ ਮੇਰੀ ਭਾਗਸ਼ਾਲੀ ਦਿਨ ਸੀ।’