ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖਾਂ ਉੱਪਰ ਖਾਸੇ ਮਿਹਰਬਾਨ ਹਨ। ਉਹ ਪਿਛਲੇ ਸਮੇਂ ਤੋਂ ਸਿੱਖਾਂ ਨਾਲ ਸਬੰਧਤ ਕਈ ਅਹਿਮ ਫੈਸਲੇ ਲੈ ਚੁੱਕੇ ਹਨ।ਹੁਣ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਸਮਾਗਮ ਦੌਰਾਨ ਖੁਦ ਕੀਤਾ। ਉਂਝ ਇਹ ਐਲਾਨ ਪਹਿਲਾਂ ਵੀ ਹੋ ਚੁੱਕਿਆ ਹੈ। ਹੁਣ ਇਮਰਾਨ ਖ਼ਾਨ ਨੇ ਭੋਰਸਾ ਦਵਾਇਆ ਹੈ ਕਿ ਜਲਦ ਹੀ ਯੂਨੀਵਰਸਿਟੀ ਬਣਾਈ ਜਾਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਜੰਗਲੀ ਰੱਖ ਬਣਾਵੇਗੀ ਤੇ ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਵੀ ਕਾਇਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਵਰਸਿਟੀ ਵੀ ਕਾਇਮ ਕੀਤੀ ਜਾਵੇਗੀ। ਯਾਦ ਰਹੇ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸ਼੍ਰੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਪਹਿਲਕਦਮੀ ਕਰਕੇ ਸਿੱਖ ਸੰਗਤ ਦਾ ਦਿਲ ਜਿੱਤ ਲਿਆ ਹੈ। ਇਸ ਨੂੰ ਚਾਹੇ ਮੀਡੀਆ ਵਿੱਚ ਪਾਕਿਸਤਾਨ ਦੀ ਕੂਟਨੀਤਕ ਚਾਲ ਵੀ ਕਰਾਰ ਦਿੱਤਾ ਗਿਆ ਪਰ ਇਮਰਾਨ ਖਾਨ ਸਰਕਾਰ ਸਿੱਖਾਂ ਲਈ ਲਗਾਤਾਰ ਅਹਿਮ ਕਦਮ ਚੁੱਕ ਰਹੀ ਹੈ।