ਅੰਮ੍ਰਿਤਸਰ: ਇਸ਼ਕ ਦੇ ਚੱਕਰ ਵਿੱਚ ਪਾਕਿਸਤਾਨ ਗਏ ਹਾਮਿਦ ਅੰਸਾਰੀ ਨੂੰ ਅੱਜ ਦੁਪਹਿਰ 2 ਵਜੇ ਬੀਐਸਐਫ ਦੇ ਹਵਾਲੇ ਕੀਤਾ ਜਾਏਗਾ। ਉਸ ਦਾ ਪਰਿਵਾਰ ਅੰਮ੍ਰਿਤਸਰ ਪਹੁੰਚ ਚੁੱਕਾ ਹੈ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਪਰਿਵਾਰ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਕੋਈ ਖ਼ੁਸ਼ੀ ਨਹੀਂ ਮਨਾਈ। ਅੱਜ ਦਾ ਦਿਨ ਉਹ ਈਦ ਦੇ ਤਿਉਹਾਰ ਵਾਂਗ ਮਨਾ ਰਹੇ ਹਨ। ਹਾਮਿਦ ਦੇ ਪਿਤਾ ਨਿਹਾਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਹਾਮਿਦ ਨੂੰ ਮੁੜ ਅਸਲ ਜ਼ਿੰਦਗੀ ਵਿੱਚ ਢਾਲਣ ਲਈ ਉਪਰਾਲੇ ਕਰਨਗੇ।
ਹਾਮਿਦ ਅੰਸਾਰੀ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਜੋ ਆਨਲਾਈਨ ਦੋਸਤ ਬਣੀ ਕੁੜੀ ਨੂੰ ਮਿਲਣ ਲਈ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਫਰਜ਼ੀ ਕਾਗਜ਼ਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਿਸ ਕਰਕੇ ਉਸ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ। ਹਾਮਿਦ ਨੂੰ ਨਵੰਬਰ 2012 'ਚ ਪਾਕਿਸਤਾਨੀ ਦੇ ਕੋਹਾਟ ਤੋਂ ਹਿਰਾਸਤ 'ਚ ਲਿਆ ਗਿਆ ਸੀ ਤੇ ਰਿਹਾਈ ਤੋਂ ਪਹਿਲਾਂ ਉਹ ਮਰਦਾਨ ਜੇਲ੍ਹ ਵਿੱਚ ਬੰਦ ਸੀ। ਹੁਣ ਸਜ਼ਾ ਦੇ ਤਿੰਨ ਸਾਲ ਪੂਰੇ ਹੋਣ ਬਾਅਦ ਪਾਕਿਸਤਾਨ ਸਰਕਾਰ ਨੇ ਉਸ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਹੈ।
ਇਸ ਮੌਕੇ ਹਾਮਿਦ ਦੇ ਪਿਤਾ ਨਿਹਾਲ ਤੇ ਭਰਾ ਖਾਲਿਦ ਨੇ ਦੱਸਿਆ ਕਿ ਪਰਿਵਾਰ ਵਿੱਚ ਹਾਮਿਦ ਦੀ ਵਾਪਸੀ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਖ਼ੁਸ਼ੀਆਂ ਤੋਂ ਵਾਂਝਾ ਰਿਹਾ ਹੈ। ਹਾਮਿਦ ਦੀ ਮਾਤਾ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਵਿੱਚ ਕਈ ਸੰਸਥਾਵਾਂ ਨੇ ਉਸ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ। ਭਾਰਤ ਸਰਕਾਰ ਦੇ ਨਾਲ-ਨਾਲ ਉਨ੍ਹਾਂ ਪਾਕਿਸਤਾਨ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਉੱਦਮ ਸਦਕਾ ਉਨ੍ਹਾਂ ਦਾ ਪੁੱਤਰ 3 ਸਾਲਾਂ ਬਾਅਦ ਸਹੀ ਸਲਾਮਤ ਘਰ ਵਾਪਸ ਆ ਸਕਿਆ। ਅੱਜ ਹਾਮਿਦ ਦੀ ਵਤਨ ਵਾਪਸੀ ਤੇ ਪਰਿਵਾਰ ਬੇਹੱਦ ਖੁਸ਼ ਹੈ।