
ਸਜ਼ਾ-ਏ-ਮੌਤ ਸੁਣਾਉਣ ਵਾਲੀ ਤਿੰਨ ਮੈਂਬਰੀ ਬੈਂਚ ਦੇ ਮੁਖੀ ਤੇ ਪਿਸ਼ਾਵਰ ਹਾਈ ਕੋਰਟ ਦੇ ਚੀਫ਼ ਜਸਟਿਸ ਵਕਾਰ ਅਹਿਮਦ ਸੇਠ ਨੇ 167 ਸਫ਼ਿਆਂ ਦਾ ਵਿਸਥਾਰਤ ਫ਼ੈਸਲਾ ਲਿਖਿਆ ਹੈ। ਉਨ੍ਹਾਂ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਨੂੰ ਹੁਕਮ ਦਿੱਤਾ ਕਿ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਵਾਹ ਲਾ ਦਿੱਤੀ ਜਾਵੇ ਤੇ ਕਾਨੂੰਨ ਮੁਤਾਬਕ ਹੀ ਸਜ਼ਾ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਣਾਇਆ ਗਿਆ ਫ਼ੈਸਲਾ 2-1 ਨਾਲ ਵੰਡਿਆ ਗਿਆ ਸੀ।
ਸਿੰਧ ਹਾਈ ਕੋਰਟ ਦੇ ਜਸਟਿਸ ਨਜ਼ਰ ਅਕਬਰ ਨੇ ਫ਼ੈਸਲੇ ’ਤੇ ਅਸਹਿਮਤੀ ਪ੍ਰਗਟਾਈ ਸੀ ਤੇ ਇਸ ਬਾਬਤ ਨੋਟ ਵੀ ਲਿਖਿਆ ਸੀ ਜਦਕਿ ਜਸਟਿਸ ਵਕਾਰ ਤੇ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਨੇ ਮੁਸ਼ੱਰਫ ਨੂੰ ਸਜ਼ਾ-ਏ-ਮੌਤ ਸੁਣਾਉਣ ਦੇ ਹੁਕਮ ’ਤੇ ਮੋਹਰ ਲਾਈ ਸੀ। ਜ਼ਿਕਰਯੋਗ ਹੈ ਕਿ ਮੁਸ਼ੱਰਫ ਇਸ ਸਮੇਂ ਜਲਾਵਤਨੀ ਤਹਿਤ ਸਾਊਦੀ ਅਰਬ ’ਚ ਜ਼ੇਰੇ ਇਲਾਜ ਹੈ।