Hezbollah Attack On Israel: ਲੇਬਨਾਨ ਦੀ ਰਾਜਧਾਨੀ ਵਿੱਚ ਪਿਛਲੇ ਦੋ ਦਿਨਾਂ ਦੌਰਾਨ ਪੇਜਰ ਧਮਾਕਿਆਂ ਤੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਹਿਜ਼ਬੁੱਲਾ ਵੀ ਹਰਕਤ ਵਿੱਚ ਆ ਗਿਆ ਹੈ। ਅਲਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਹਿਜ਼ਬੁੱਲਾ ਨੇ ਸ਼ੁੱਕਰਵਾਰ (20 ਸਤੰਬਰ 2024) ਨੂੰ ਉੱਤਰੀ ਇਜ਼ਰਾਈਲ 'ਤੇ 140 ਰਾਕੇਟ ਦਾਗੇ। ਇਹ ਹਮਲਾ ਹਿਜ਼ਬੁੱਲਾ ਦੇ ਨੇਤਾ ਹਸਨ ਨਸਰੱਲਾ ਦੇ ਇਜ਼ਰਾਈਲ ਤੋਂ ਬੰਬਾਰੀ ਦਾ ਬਦਲਾ ਲੈਣ ਦੀ ਸਹੁੰ ਚੁੱਕਣ ਤੋਂ ਇੱਕ ਦਿਨ ਬਾਅਦ ਹੋਇਆ ਹੈ।


ਇਜ਼ਰਾਇਲੀ ਫੌਜ ਅਤੇ ਅੱਤਵਾਦੀ ਸਮੂਹ ਨੇ ਇਹ ਜਾਣਕਾਰੀ ਦਿੱਤੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਨੂੰ ਤਿੰਨ ਵਾਰ ਰਾਕੇਟ ਦਾਗੇ ਗਏ, ਜਿਨ੍ਹਾਂ ਨੂੰ ਲੈਬਨਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ।


ਅਲਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਕਟਯੂਸ਼ਾ ਰਾਕੇਟ ਨਾਲ ਸਰਹੱਦ ਦੇ ਨਾਲ ਕਈ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿੱਚ ਕਈ ਹਵਾਈ ਰੱਖਿਆ ਬੇਸਾਂ ਤੇ ਇੱਕ ਇਜ਼ਰਾਈਲੀ ਬਖਤਰਬੰਦ ਬ੍ਰਿਗੇਡ ਦੇ ਹੈੱਡਕੁਆਰਟਰ ਸ਼ਾਮਲ ਹਨ, ਜਿਸ ਨੇ ਪਹਿਲੀ ਵਾਰ ਹਮਲਾ ਕੀਤਾ ਹੈ।


ਇਜ਼ਰਾਇਲੀ ਫੌਜ ਦਾ ਦਾਅਵਾ ਹੈ ਕਿ ਹਿਜ਼ਬੁੱਲਾ ਵੱਲ ਦਾਗੇ ਗਏ ਰਾਕੇਟ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। IDF ਨੇ ਕਿਹਾ, "ਦੇਸ਼ ਦੀਆਂ ਬਚਾਅ ਸੇਵਾਵਾਂ ਮਲਬੇ ਕਾਰਨ ਲੱਗੀ ਅੱਗ ਨੂੰ ਬੁਝਾਉਣ ਲਈ ਕੰਮ ਕਰ ਰਹੀਆਂ ਹਨ। ਸਾਡੀ ਹਵਾਈ ਸੈਨਾ ਨੇ ਕੁਝ ਰਾਕੇਟ ਨੂੰ ਡੇਗਿਆ ਹੈ, ਜਦਕਿ ਕੁਝ ਖੁੱਲ੍ਹੇ ਖੇਤਰਾਂ ਵਿੱਚ ਡਿੱਗੇ ਹਨ।"


ਹਿਜ਼ਬੁੱਲਾ ਨੇ ਕਿਹਾ ਕਿ ਰਾਕੇਟ ਦੱਖਣੀ ਲੇਬਨਾਨ ਦੇ ਪਿੰਡਾਂ ਤੇ ਘਰਾਂ 'ਤੇ ਇਜ਼ਰਾਈਲੀ ਹਮਲਿਆਂ ਦਾ ਜਵਾਬ ਸਨ। ਹਿਜ਼ਬੁੱਲਾ ਦੇ ਮੁਖੀ ਨਸਰੁੱਲਾ ਨੇ ਵੀਰਵਾਰ (19 ਸਤੰਬਰ) ਨੂੰ ਇਜ਼ਰਾਈਲ 'ਤੇ ਰੋਜ਼ਾਨਾ ਹਮਲੇ ਜਾਰੀ ਰੱਖਣ ਦੀ ਸਹੁੰ ਖਾਧੀ। ਹਾਲਾਂਕਿ ਹਿਜ਼ਬੁੱਲਾ ਨੇ ਸਾਫ ਕਿਹਾ ਹੈ ਕਿ ਜੇ ਗਾਜ਼ਾ 'ਚ ਜੰਗਬੰਦੀ ਹੁੰਦੀ ਹੈ ਤਾਂ ਉਹ ਇਜ਼ਰਾਈਲ 'ਤੇ ਹਮਲੇ ਬੰਦ ਕਰ ਦੇਣਗੇ।


ਹਿਜ਼ਬੁੱਲਾ ਦੇ ਕਈ ਟਿਕਾਣਿਆਂ 'ਤੇ ਹਮਲੇ


ਇਸ ਤੋਂ ਪਹਿਲਾਂ ਬੇਰੂਤ 'ਚ ਪੇਜਰਾਂ ਅਤੇ ਵਾਇਰਲੈੱਸ ਯੰਤਰਾਂ (ਵਾਕੀ-ਟਾਕੀਜ਼) 'ਚ ਧਮਾਕਿਆਂ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ, ਜਿਸ ਤੋਂ ਬਾਅਦ ਹਿਜ਼ਬੁੱਲਾ ਮੁਖੀ ਲੇਬਨਾਨ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਜਿਵੇਂ ਹੀ ਹਿਜ਼ਬੁੱਲਾ ਮੁਖੀ ਦਾ ਭਾਸ਼ਣ ਖ਼ਤਮ ਹੋਇਆ, ਇਜ਼ਰਾਈਲ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਬਾਰਾ ਹਵਾਈ ਹਮਲੇ ਸ਼ੁਰੂ ਕਰ ਦਿੱਤੇ।