ਕੁਵੈਤ ਵਿੱਚ ਵਪਾਰੀ ਅੱਗ ਦੀ ਘਟਨਾ ਵਿੱਚ ਮਾਰੇ ਗਏ 45 ਭਾਰਤੀ ਮਜ਼ਦੂਰਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਹਨਾ ਮ੍ਰਿਤਕਾਂ ਵਿੱਚ ਇੱਕ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਹਿੰਮਤ ਰਾਏ ਹੁਸ਼ਿਆਰਪੁਰ ਦੇ ਹਰਿਆਣਾ ਰੋਡ ਜੋਤੀ ਐਨਕਲੇਵ ਦਾ ਰਹਿਣ ਵਾਲ ਸੀ ਜੋ, 30 ਸਾਲ ਪਹਿਲਾਂ ਕੁਵੈਤ ਗਿਆ ਸੀ।
ਉੱਥੇ ਉਹ NBTC ਸਟੀਲ ਫੈਬਰਿਕ ਕੰਪਨੀ ਦਾ ਫੋਰਮੈਨ ਸੀ। ਹਿੰਮਤ ਦੀ ਪਤਨੀ ਸਰਬਜੀਤ ਕੌਰ ਅਤੇ 3 ਬੱਚੇ ਇੱਥੇ ਹੁਸ਼ਿਆਰਪੁਰ ਰਹਿ ਰਹੇ ਹਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਸਿਰਫ ਹਿੰਮਤ ਹੀ ਕਮਾਊ ਸੀ। ਸਰਬਜੀਤ ਕੌਰ ਨੇ ਆਪਣੇ ਬੱਚੇ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।
ਬੀਤੇ ਦਿਨ ਭਾਰਤੀ ਹਵਾਈ ਫੌਜ ਦਾ ਇੱਕ ਜਹਾਜ਼, ਕੁਵੈਤ ਦੇ ਮੰਗਾਫ ਅੱਗ ਦੇ ਦੁਖਾਂਤ ਵਿੱਚ ਮਾਰੇ ਗਏ 45 ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਲੈ ਕੇ ਕੋਚੀ ਵਿੱਚ ਉਤਰਿਆ ਹੈ। C-130J ਟਰਾਂਸਪੋਰਟ ਜਹਾਜ਼, ਜਿਸ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਸਵਾਰ ਸਨ, ਸਵੇਰੇ ਕਰੀਬ 10:30 ਵਜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ।
ਹਵਾਈ ਅੱਡੇ 'ਤੇ ਪੁਲਿਸ ਬਲ ਅਤੇ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ, ਜਿੱਥੇ ਆਈਏਐਫ ਦਾ ਵਿਸ਼ੇਸ਼ ਜਹਾਜ਼ ਭਾਰਤੀ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਉਤਰਿਆ। ਮੁੱਖ ਮੰਤਰੀ ਪਿਨਾਰਾਈ ਵਿਜੈਯਨ, ਹੋਰ ਪ੍ਰਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੇਰਲ ਦੇ ਰਹਿਣ ਵਾਲੇ ਮ੍ਰਿਤਕਾਂ ਦੀਆਂ ਲਾਸ਼ਾਂ ਪ੍ਰਾਪਤ ਕੀਤੀਆਂ।
ਕੁਵੈਤ ਸਥਿਤ ਭਾਰਤੀ ਦੂਤਘਰ ਅਨੁਸਾਰ ਅੱਗ ਦੀ ਘਟਨਾ ਵਿੱਚ ਮਾਰੇ ਗਏ 45 ਭਾਰਤੀਆਂ ਵਿੱਚੋਂ 23 ਕੇਰਲ ਦੇ, ਸੱਤ ਤਾਮਿਲਨਾਡੂ, ਤਿੰਨ ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ, ਦੋ ਉੜੀਸਾ ਅਤੇ ਬਿਹਾਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਪੱਛਮੀ ਬੰਗਾਲ, ਝਾਰਖੰਡ ਅਤੇ ਹਰਿਆਣਾ ਤੋਂ ਇੱਕ-ਇੱਕ ਨਾਗਰਿਕ ਹੈ।