ਹਿਊਸਟਨ: ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪਹਿਲੀ ਵਾਰ ਇਕੱਠਿਆਂ ਸਟੇਜ ਸਾਂਝੀ ਕੀਤੀ। ਦੋਵਾਂ ਨੇਤਾਵਾਂ ਨੇ ਹਿਊਟਨ ਦੇ ਐਨਆਰਜੀ ਸਟੇਡੀਅਮ ਵਿੱਚ 50,000 ਤੋਂ ਵੱਧ ਭਾਰਤੀ-ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕੀਤਾ। ਦੋਵਾਂ ਨੇ ਭਾਰਤ ਤੇ ਅਮਰੀਕਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੱਸਿਆ ਤੇ ਕਿਹਾ ਕਿ ਬੀਤੇ ਸਾਲਾਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਰਿਸ਼ਤੇ ਹੋਰ ਮਜ਼ਬੂਤ ਹੋਏ ਹਨ। ਇਸ ਮੈਗਾ ਈਵੈਂਟ 'ਤੇ ਸਾਰੀ ਦੁਨੀਆਂ ਨਜ਼ਰ ਰੱਖ ਰਹੀ ਸੀ।
ਉੱਧਰ ਅਮਰੀਕੀ ਅਖਬਾਰ 'ਦ ਵਾਲ ਸਟਰੀਟ ਜਰਨਲ' ਨੇ ਹਿਊਸਟਨ ਵਿੱਚ ਇਸ ਪ੍ਰੋਗਰਾਮ ਨੂੰ ਟਰੰਪ ਦਾ ਤਮਾਸ਼ਾ ਕਰਾਰ ਦਿੱਤਾ ਹੈ। ਉਸ ਨੇ ਲਿਖਿਆ ਕਿ ਟਰੰਪ ਨੂੰ ਜਿਸ ਪ੍ਰਕਾਰ 20016 ਵਿੱਚ ਸਮਰਥਨ ਮਿਲਿਆ ਸੀ। ਠੀਕ ਉਸੇ ਤਰ੍ਹਾਂ 2020 ਵਿੱਚ ਉਹ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਭਾਰਤੀ ਅਮਰੀਕੀ ਲੋਕਾਂ ਨਾਲ ਜੁੜਨ ਦੇ ਫਾਇਦਿਆਂ ਨੂੰ ਸਮਝਾ ਰਹੇ ਹਨ। ਇਹ ਇਕੱਠੇ 21ਵੀਂ ਸਦੀ ਵਿੱਚ ਦੋਵਾਂ ਦੇਸ਼ਾਂ ਦੀ ਖੁਸ਼ਹਾਲੀ ਲਈ ਮਹੱਤਵਪੂਰਨ ਹੈ
'ਦ ਵਾਲ ਸਟਰੀਟ' ਜਰਨਲ ਨੇ ਇੱਕ ਸੰਪਾਦਕੀ ਵਿੱਚ ਲਿਖਿਆ, 'ਦੋਹਾਂ ਨੇਤਾਵਾਂ ਦੀ ਇੱਕੋ ਸਮੇਂ ਦੀ ਮੌਜੂਦਗੀ ਭਾਰਤ-ਅਮਰੀਕਾ ਸਬੰਧਾਂ ਦੇ ਵਧਦੇ ਰਣਨੀਤਕ ਮਹੱਤਵ ਨੂੰ ਦਰਸਾਉਂਦੀ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਹਾਵੀ ਹੋਣ ਲਈ ਚੀਨ ਦੇ ਮਕਸਦ ਨੂੰ ਰੋਕਣ ਵਿੱਚ ਸਫਲ ਹੋ ਸਕਦੇ ਹਨ। ਜਿੱਥੇ ਟਰੰਪ ਨੇ ਇਸ ਨੂੰ ਮਹਿਸੂਸ ਕੀਤਾ, ਬਰਾਕ ਓਬਾਮਾ ਨੇ ਇਸ ਦਿਸ਼ਾ ਵਿੱਚ ਬਿਹਤਰ ਕੰਮ ਕੀਤਾ ਸੀ।
ਇਸੇ ਤਰ੍ਹਾਂ 'ਨਿਊਯਾਰਕ ਟਾਈਮਜ਼' ਨੇ ਲਿਖਿਆ- ਇਸ ਰੈਲੀ ਨੇ ਸਮਾਨ ਵਿਚਾਰਧਾਰਾ ਵਾਲੇ ਨੇਤਾਵਾਂ ਨੂੰ ਇੱਕ ਮੰਚ 'ਤੇ ਲਿਆ ਦਿੱਤਾ। ਦੋਵੇਂ ਸੱਜੇ-ਪੱਖੀ ਵਿਚਾਰਧਾਰਾਵਾਂ ਦੇ ਆਗੂ ਲੋਕ ਲੁਭਾਊ ਵਾਅਦਿਆਂ ਨਾਲ ਸੱਤਾ ਵਿੱਚ ਆਏ ਸੀ। ਦੋਵਾਂ ਨੇ ਆਪਣੇ ਦੇਸ਼ ਨੂੰ ਮਹਾਨ ਬਣਾਉਣ ਤੇ ਧਾਰਮਿਕ, ਆਰਥਿਕ ਤੇ ਸਮਾਜਿਕ ਸੁਧਾਰਾਂ ਦੀ ਗੱਲ ਕੀਤੀ। ਇਸ ਦੇ ਨਾਲ ਹੀ ਅਖਬਾਰ ਨੇ ਇਹ ਵੀ ਕਿਹਾ ਕਿ ਮੋਦੀ ਵੱਲੋਂ ਭਾਰਤੀ-ਅਮਰੀਕੀ ਵੋਟਰਾਂ ਨੂੰ ਕੀਤੀ ਅਪੀਲ (ਅਬਕੀ ਬਾਰ ਟਰੰਪ ਸਰਕਾਰ) ਦੇ ਬਾਅਦ ਵੀ ਟਰੰਪ ਲਈ ਵੋਟਾਂ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ।