ਟਰਾਂਟੋ: ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਦੀ ਚੜ੍ਹਤ ਨਾਲ ਪਰਵਾਸੀ ਭਾਰਤੀਆਂ ਨੂੰ ਵੱਡਾ ਲਾਹਾ ਮਿਲਦਾ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਕੈਨੇਡਾ 'ਚ ਸੰਸਦੀ ਚੋਣਾਂ ਦੌਰਾਨ ਇਮੀਗ੍ਰੇਸ਼ਨ ਸੁਧਾਰ ਇੱਕ ਵੱਡਾ ਮੁੱਦਾ ਹੈ। ਪ੍ਰਚਾਰ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਇਮੀਗ੍ਰੇਸ਼ਨ ਬਾਰੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ।

 

ਦੱਸ ਦਈਏ ਕਿ ਮੱਧਕਾਲੀ ਫੈਡਰਲ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੇ 70 ਉਮੀਦਵਾਰ ਮੈਦਾਨ ਵਿੱਚ ਹਨ। ਹੋਰ ਤਾਂ ਹੋਰ ਇਨ੍ਹਾਂ ਵਿੱਚ 21 ਔਰਤਾਂ ਵੀ ਸ਼ਾਮਲ ਹਨ। ਕੈਨੇਡਾ ਵਿੱਚ 20 ਸਤੰਬਰ ਨੂੰ ਮੱਧਕਾਲੀ ਫੈਡਰਲ ਚੋਣਾਂ ਹੋ ਰਹੀਆਂ ਹਨ। ਇਸ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 30 ਅਗਸਤ ਸੀ। ਨਾਮਜ਼ਦਗੀਆਂ ਦੀ ਪ੍ਰਕ੍ਰਿਆ ਪੂਰੀ ਹੋਣ ਮਗਰੋਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੈਨੇਡੀਅਨ ਪਾਰਲੀਮੈਂਟ ਦੀਆਂ ਕੁੱਲ 338 ਸੀਟਾਂ ਲਈ ਹੋ ਰਹੀ ਚੋਣ ਵਿੱਚ ਐਤਕੀਂ ਪੰਜਾਬੀ ਭਾਈਚਾਰੇ ਦੇ 70 ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ ਜਿਨ੍ਹਾਂ ਵਿੱਚ 21 ਔਰਤਾਂ ਵੀ ਸ਼ਾਮਲ ਹਨ।

 

ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤੇ ਗਏ ਹਨ। ਇਸ ਦੌਰਾਨ ਇਮੀਗ੍ਰੇਸ਼ਨ ਨੂੰ ਵੀ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਲਈ ਨਵਾਂ ਸਿਸਟਮ ਲਾਗੂ ਕਰਨ ਦੀ ਸਕੀਮ ਉਲੀਕੀ ਹੈ, ਜਿਸ 'ਚ ਅਰਜ਼ੀਆਂ ਦਾ ਜਲਦੀ ਨਿਪਟਾਰਾ ਕਰਵਾਉਣ ਲਈ ਅਰਜ਼ੀਕਰਤਾਵਾਂ ਨੂੰ ਵੱਧ ਫੀਸ ਦੇਣੀ ਪਵੇਗੀ ਤੇ ਸਰਕਾਰ ਵੱਲੋਂ ਉਸ ਵੱਧ ਫੀਸ ਦੀ ਰਾਸ਼ੀ ਨੂੰ ਇਮੀਗ੍ਰੇਸ਼ਨ ਸਿਸਟਮ ਨੂੰ ਦਰੁੱਸਤ ਬਣਾਉਣ ਲਈ ਖਰਚਿਆ ਜਾਵੇਗਾ।

 

ਇਸੇ ਤਰ੍ਹਾਂ ਵਰਕ ਪਰਮਿਟ ਦਾ ਵੀ (ਕੈਨੇਡੀਅਨ ਕੰਪਨੀਆਂ ਵਾਸਤੇ) ਫੀਸ ਅਧਾਰਿਤ ਸਿਸਟਮ ਲਿਆਂਦਾ ਜਾਵੇਗਾ, ਜਿਸ ਨਾਲ ਵਿਦੇਸ਼ਾਂ ਤੋਂ ਕਾਮਿਆਂ ਨੂੰ ਵਰਕ ਪਰਮਿਟ ਦੇਣ ਦੀ ਪ੍ਰਕ੍ਰਿਆ ਘੱਟ ਸਮੇਂ 'ਚ ਪੂਰੀ ਕੀਤੀ ਜਾ ਸਕੇਗੀ। ਇਹ ਵੀ ਕਿ ਇਮੀਗ੍ਰੇਸ਼ਨ ਅਫ਼ਸਰਾਂ ਤੇ ਅਰਜ਼ੀਕਰਤਾਵਾਂ ਵਿਚਕਾਰ ਹਰੇਕ ਗੱਲਬਾਤ ਦਾ ਰਿਕਾਰਡ ਰੱਖਣਾ ਸੰਭਵ ਕੀਤਾ ਜਾਵੇਗਾ ਤੇ ਅਰਜ਼ੀਕਰਤਾਵਾਂ ਨੂੰ ਆਪਣੀ ਅਰਜ਼ੀ 'ਚ ਭਰੀ ਗਈ ਗਲਤ ਜਾਣਕਾਰੀ (ਨੂੰ ਸੀਮਤ ਸਮੇਂ 'ਚ) ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਲਿਬਰਲ ਪਾਰਟੀ ਵੱਲੋਂ ਹਰੇਕ ਸਾਲ ਚਾਰ ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਕੈਨੇਡਾ 'ਚ ਵੱਸਣ ਦਾ ਮੌਕਾ ਦੇਣ ਦੀ ਨੀਤੀ ਪਹਿਲਾਂ ਹੀ ਲਾਗੂ ਕੀਤੀ ਹੋਈ ਹੈ। ਅਗਲੀ ਲਿਬਰਲ ਸਰਕਾਰ 'ਚ ਪਰਿਵਾਰਾਂ ਨੂੰ (ਬੱਚਿਆਂ ਸਮੇਤ) ਪੱਕੀ ਇਮੀਗ੍ਰੇਸ਼ਨ ਮਿਲਣ ਤੋਂ ਪਹਿਲਾਂ ਵੀ ਆਰਜ਼ੀ ਵੀਜ਼ਾ ਦੇ ਕੇ ਕੈਨੇਡਾ 'ਚ ਇਕੱਠੇ ਰਹਿਣ ਦਾ ਮੌਕਾ ਮਿਲੇਗਾ ਤੇ ਦੇਸ਼ ਦੀਆਂ ਰੁਜ਼ਗਾਰ ਲੋੜਾਂ ਅਨੁਸਾਰ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਨਵਿਆਉਣ ਦੀ ਯੋਜਨਾ ਹੈ।

ਨਿਊ ਡੈਮੋਕਰਿਟਕ ਪਾਰਟੀ (ਐਨਡੀਪੀ) ਵੱਲੋਂ ਮਾਪਿਆਂ ਦੀ ਇਮੀਗ੍ਰੇਸ਼ਨ ਦਾ ਕੋਟਾ ਸਮਾਪਤ ਕੀਤਾ ਜਾਵੇਗਾ, ਜਿਸ ਨਾਲ਼ ਹਰੇਕ ਵਿਦੇਸ਼ੀ ਮੂਲ ਦੇ ਕੈਨੇਡਾ ਵਾਸੀ ਵਿਅਕਤੀ ਨੂੰ ਆਪਣੇ ਮਾਪੇ/ ਦਾਦਕੇ/ ਨਾਨਕੇ ਕੈਨੇਡਾ ਸਪਾਂਸਰ ਕਰਨ ਦਾ ਮੌਕਾ ਮਿਲ ਸਕਦਾ ਹੈ।