Imran Khan Pakistan News : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਦੇ ਘਰ ਨੂੰ ਪੁਲਿਸ ਟੀਮਾਂ ਨੇ ਘੇਰ ਲਿਆ ਹੈ। ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਇਮਰਾਨ ਦੇ ਘਰ 'ਚ 30 ਤੋਂ 40 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਇਮਰਾਨ ਦੇ ਘਰ ਜ਼ਮਾਨ ਪਾਰਕ 'ਚ ਫੌਜੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਪੁਲਸ ਅਤੇ ਖੁਫੀਆ ਏਜੰਸੀਆਂ ਨੂੰ ਬੁੱਧਵਾਰ ਦੁਪਹਿਰ (17 ਮਈ) ਨੂੰ ਇਨਪੁਟ ਮਿਲਿਆ ਸੀ ਕਿ ਪੇਸ਼ਾਵਰ ਪੁਲਸ ਕਮਾਂਡਰ ਦੇ ਘਰ 'ਤੇ ਹੋਏ ਹਮਲੇ ਦੇ ਦੋਸ਼ੀ ਇਮਰਾਨ ਦੇ ਘਰ 'ਚ ਲੁਕੇ ਹੋਏ ਹਨ। ਜਿਸ ਤੋਂ ਬਾਅਦ ਇਮਰਾਨ ਦੇ ਘਰ ਦੀ ਘੇਰਾਬੰਦੀ ਕੀਤੀ ਗਈ। ਪੁਲਸ ਨੇ ਅੱਤਵਾਦੀਆਂ ਨੂੰ 24 ਘੰਟਿਆਂ 'ਚ ਘਰੋਂ ਬਾਹਰ ਨਿਕਲਣ ਦਾ ਅਲਟੀਮੇਟਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਨਾ ਹੋਣ 'ਤੇ ਪੁਲਸ-ਬਲ ਦੀਆਂ ਟੀਮਾਂ ਇਮਰਾਨ ਦੇ ਘਰ 'ਚ ਦਾਖਲ ਹੋ ਕੇ ਅੱਤਵਾਦੀਆਂ ਨੂੰ ਮਾਰ ਦੇਣਗੀਆਂ। ਇਸ ਵਾਰ ਇਮਰਾਨ ਖਿਲਾਫ਼ ਵੀ ਸਖਤ ਕਾਰਵਾਈ ਹੋ ਸਕਦੀ ਹੈ।


ਇਹ ਵੀ ਪੜ੍ਹੋ :  ਅਜ਼ਬ ਗਜ਼ਬ ! 2500 ਰੁਪਏ 'ਚ ਨਾਈਟ ਆਊਟ ਲਈ ਵਿਦੇਸ਼ ਗਈਆਂ ਕੁੜੀਆਂ, ਸਵੇਰੇ ਘਰ ਆ ਕੇ ਸੌਂ ਵੀ ਗਈਆਂ

  24 ਘੰਟਿਆਂ ਦੇ ਅੰਦਰ ਅੱਤਵਾਦੀਆਂ ਨੂੰ ਸੌਂਪੇ ਪੀਟੀਆਈ : ਪੰਜਾਬ ਸਰਕਾਰ


ਪਾਕਿਸਤਾਨ ਦੇ ਪੰਜਾਬ ਸੂਬੇ ਦੀ ਅੰਤਰਿਮ ਸਰਕਾਰ ਦੇ ਸੂਚਨਾ ਮੰਤਰੀ ਆਮਿਰ ਮੀਰ (ਕਾਰਜਕਾਰੀ) ਨੇ ਲਾਹੌਰ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) 'ਤੇ ਚੁਟਕੀ ਲੈਂਦਿਆਂ ਕਿਹਾ, "30-40 ਅੱਤਵਾਦੀਆਂ ਨੇ ਲਾਹੌਰ ਵਿੱਚ ਇਮਰਾਨ ਖਾਨ ਦੀ ਜ਼ਮਾਨ ਪਾਰਕ ਸਥਿਤ ਰਿਹਾਇਸ਼ ਵਿੱਚ ਪਨਾਹ ਲਈ ਹੋਈ ਹੈ। ਉਨ੍ਹਾਂ ਨੂੰ ਪੁਲਿਸ ਨੂੰ ਫੜਾ ਦਿੱਤਾ ਜਾਵੇ। ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦੇਣਾ ਚਾਹੀਦਾ ਹੈ। ਪੀਟੀਆਈ ਨੂੰ ਸਮਝਣਾ ਚਾਹੀਦਾ ਹੈ ਕਿ ਕਾਨੂੰਨ ਆਪਣਾ ਰਾਹ ਅਪਣਾਏਗਾ।" ਆਮਿਰ ਨੇ ਕਿਹਾ, "ਜ਼ਮਾਨ ਪਾਰਕ 'ਚ ਲੁਕੇ ਅੱਤਵਾਦੀਆਂ ਨੂੰ ਪੁਲਿਸ ਹਵਾਲੇ ਕਰਨ ਲਈ ਤੁਹਾਡੇ ਕੋਲ 24 ਘੰਟੇ ਹਨ।"


ਆਮਿਰ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ "ਅੱਤਵਾਦੀਆਂ" ਦੀ ਮੌਜੂਦਗੀ ਬਾਰੇ ਪਹਿਲਾਂ ਤੋਂ ਹੀ ਪਤਾ ਸੀ, ਕਿਉਂਕਿ ਕਈ ਭਰੋਸੇਯੋਗ ਖੁਫੀਆ ਰਿਪੋਰਟਾਂ ਸਨ। ਉਨ੍ਹਾਂ ਕਿਹਾ ਕਿ 9 ਮਈ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਅਤੇ ਅੱਗਜ਼ਨੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਦੇ ਲਈ ਉਨ੍ਹਾਂ ''ਅੱਤਵਾਦੀਆਂ'' ਨੂੰ ਫੌਜੀ ਅਦਾਲਤਾਂ 'ਚ ਪੇਸ਼ ਕੀਤਾ ਜਾਵੇਗਾ।


ਧਾਰਾ 59 ਅਤੇ ਧਾਰਾ 60 ਤਹਿਤ ਹੋਵੇਗੀ ਕਾਰਵਾਈ!


ਪੁਲਿਸ ਦੀ ਇਹ ਘੇਰਾਬੰਦੀ ਉਨ੍ਹਾਂ ਅਟਕਲਾਂ ਤੋਂ ਬਾਅਦ ਸਾਹਮਣੇ ਆਈ ਹੈ ਕਿ ਇਮਰਾਨ ਖ਼ਾਨ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਆਰਮੀ ਐਕਟ ਦੀ ਧਾਰਾ 59 ਅਤੇ 60 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਧਾਰਾ ਸਿਵਲ ਅਪਰਾਧਾਂ ਲਈ ਲਗਾਈ ਜਾਂਦੀ ਹੈ, ਜਿਸ ਤਹਿਤ ਦੋਸ਼ੀ ਪਾਏ ਜਾਣ 'ਤੇ ਦੋਸ਼ੀ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਮਰਾਨ ਖ਼ਿਲਾਫ਼ ਆਰਮੀ ਐਕਟ ਤਹਿਤ ਕੇਸ ਦਰਜ ਕਰਨ ਦਾ ਕਾਰਨ ਇਮਰਾਨ ਦੇ ਸਮਰਥਕਾਂ ਵੱਲੋਂ ਫ਼ੌਜ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਦੱਸਿਆ ਜਾ ਰਿਹਾ ਹੈ।

ਹਾਲ ਹੀ 'ਚ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ 'ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ' ਯਾਨੀ ISPR ਨੇ ਫੌਜ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ ਆਰਮੀ ਐਕਟ ਦੇ ਤਹਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਸੀ।