ਬੰਗਲਾਦੇਸ਼ ਵਿੱਚ ਜਾਰੀ ਹਿੰਸਾ ਦਰਮਿਆਨ ਇੱਕ ਸਿਆਸੀ ਤਖ਼ਤਾ ਪਲਟ ਹੋ ਗਿਆ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਫੌਜ ਸਾਹਮਣੇ ਆ ਗਈ ਹੈ। ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੇ ਆਰਮੀ ਚੀਫ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਅੰਤਰਿਮ ਸਰਕਾਰ ਬਣਾਵਾਂਗੇ ਅਤੇ ਦੇਸ਼ ਨੂੰ ਫਿਲਹਾਲ ਅੰਤਰਿਮ ਸਰਕਾਰ ਚਲਾਏਗੀ। ਇਸ ਤੋਂ ਇਲਾਵਾ ਥਲ ਸੈਨਾ ਮੁਖੀ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਬੁਲਾਈ ਹੈ।
ਫੌਜ ਮੁਖੀ ਨੇ ਕਿਹਾ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਨਾਲ ਗੱਲ ਕੀਤੀ ਹੈ। ਧਰਨਾਕਾਰੀਆਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਫੌਜ ਮੁਖੀ ਨੇ ਵੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ। ਬੰਗਲਾਦੇਸ਼ ਦੇ ਫੌਜ ਮੁਖੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਫੌਜ ਦੇ ਨਾਲ ਚਰਚਾ 'ਚ ਮੁੱਖ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀ ਮੌਜੂਦ ਸਨ। ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਤੇ ਘਰ ਵਾਪਸ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ। ਦੇਸ਼ ਵਿੱਚ ਕਰਫਿਊ ਜਾਂ ਕਿਸੇ ਐਮਰਜੈਂਸੀ ਦੀ ਲੋੜ ਨਹੀਂ ਹੈ, ਅਸੀਂ ਅੱਜ ਰਾਤ ਤੱਕ ਸੰਕਟ ਦਾ ਹੱਲ ਲੱਭ ਲਵਾਂਗੇ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ ਹੈ। ਦੇਸ਼ ਨੂੰ ਅੰਤਰਿਮ ਸਰਕਾਰ ਚਲਾਏਗੀ।।
ਜ਼ਿਕਰ ਕਰ ਦਈਏ ਕਿ ਬੰਗਲਾਦੇਸ਼ ਵਿੱਚ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਬੰਗਲਾਦੇਸ਼ 'ਚ ਜਾਰੀ ਹਿੰਸਾ ਦਰਮਿਆਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਛੱਡ ਦਿੱਤਾ ਹੈ। ਹਸੀਨਾ ਸੁਰੱਖਿਅਤ ਥਾਂ ਲਈ ਰਵਾਨਾ ਹੋ ਗਈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਨਾਲ ਹੀ ਬੰਗਲਾਦੇਸ਼ ਤੋਂ ਭੱਜ ਚੁੱਕੀ ਸ਼ੇਖ ਹਸੀਨਾ ਲੰਡਨ (ਯੂ.ਕੇ.) ਜਾਵੇਗੀ। ਦੱਸਿਆ ਗਿਆ ਕਿ ਉਸ ਦੀ ਭੈਣ ਉੱਥੇ ਰਹਿੰਦੀ ਹੈ। ਅਜਿਹੀ ਹਾਲਤ ਵਿੱਚ ਉਹ ਆਪਣੀ ਭੈਣ ਕੋਲ ਜਾ ਸਕਦੀ ਹੈ। ਹਾਲਾਂਕਿ ਇਸ ਸਬੰਧ 'ਚ ਫਿਲਹਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਵੈਸੇ, ਪਹਿਲਾਂ ਇਹ ਵੀ ਦੱਸਿਆ ਗਿਆ ਸੀ ਕਿ ਉਹ ਭਾਰਤ ਵੀ ਆ ਸਕਦੀ ਹੈ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਉਹ ਭਾਰਤ ਕਿੱਥੇ ਆਵੇਗੀ। ਨਵੀਂ ਦਿੱਲੀ, ਪੱਛਮੀ ਬੰਗਾਲ ਜਾਂ ਅਗਰਤਲਾ (ਤ੍ਰਿਪੁਰਾ ਵਿੱਚ), ਉਸ ਦੇ ਅਗਰਤਲਾ ਆਉਣ ਦੀ ਜ਼ਿਆਦਾ ਸੰਭਾਵਨਾ ਹੈ।