India-Canada Relation: ਭਾਰਤ ਤੇ ਕੈਨੇਡਾ ਵਿਚਾਲੇ ਰਿਸ਼ਤਾ ਮੁੜ ਸੁਖਾਵਾਂ ਹੋਣ ਜਾ ਰਿਹਾ ਹੈ। ਜੀ7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਮੀਟਿੰਗ ਤੋਂ ਬਾਅਦ ਦੋਵਾਂ ਮੁਲਕਾਂ ਨੇ ਸਬੰਧ ਸੁਧਾਰਨ ਦਾ ਸੰਕੇਤ ਦਿੱਤਾ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਖਾਮੋਸ਼ੀ ਧਾਰ ਲਈ। ਉਨ੍ਹਾਂ ਨੇ ਨਿੱਝਰ ਦੇ ਕਤਲ ਸਬੰਧੀ ਸਿੱਖਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਨੂੰ ਵੀ ਨਜ਼ਰ-ਅੰਦਾਜ ਕੀਤਾ। 

ਦੋਵਾਂ ਦੇਸ਼ਾਂ ਦੇ ਲੀਡਰਾਂ ਦੀ ਮੁਲਾਕਾਤ ਤੋਂ ਬਾਅਦ ਇੱਕ ਪੱਤਰਕਾਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਹੈ। ਕਾਰਨੀ ਨੇ ਇਸ ਦਾ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਕਾਨੂੰਨੀ ਮੁੱਦਿਆਂ ਤੇ ਆਪਸੀ ਸਹਿਯੋਗ ਬਾਰੇ ਗੱਲ ਕੀਤੀ ਹੈ। ਨਿੱਝਰ ਦਾ ਮੁੱਦਾ ਅਜੇ ਅਦਾਲਤ ਵਿੱਚ ਹੈ। ਇਸ 'ਤੇ ਟਿੱਪਣੀ ਕਰਨ ਲਈ ਸਾਵਧਾਨ ਰਹਿਣਾ ਹੋਏਗਾ।

ਉਧਰ, ਪ੍ਰਧਾਨ ਮੰਤਰੀ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਵਿਚਕਾਰ ਹੋਈ ਮੁਲਾਕਾਤ 'ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਕਈ ਮੁੱਦਿਆਂ 'ਤੇ ਸਮਝੌਤਾ ਹੋਇਆ ਹੈ। ਹਾਈ ਕਮਿਸ਼ਨਰ ਨੂੰ ਭਾਰਤ ਤੇ ਕੈਨੇਡਾ ਵਿੱਚ ਜਲਦੀ ਹੀ ਬਹਾਲ ਕਰ ਦਿੱਤਾ ਜਾਵੇਗਾ। ਵਪਾਰ ਤੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਲੰਬੇ ਸਮੇਂ ਤੋਂ ਰੁਕੀ ਹੋਈ ਗੱਲਬਾਤ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਦਰਅਸਲ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਕਤਲ ਕੇਸ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿੱਚ ਦੋਵਾਂ ਦੇਸ਼ਾਂ ਨੇ 6-6 ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ।

ਮੀਟਿੰਗ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ। ਮੈਂ ਤੁਹਾਡਾ (ਕੈਨੇਡੀਅਨ ਪ੍ਰਧਾਨ ਮੰਤਰੀ) ਭਾਰਤ ਨੂੰ G-7 ਵਿੱਚ ਸੱਦਾ ਦੇਣ ਲਈ ਬਹੁਤ ਧੰਨਵਾਦੀ ਹਾਂ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ 2015 ਤੋਂ ਬਾਅਦ ਇੱਕ ਵਾਰ ਫਿਰ ਕੈਨੇਡਾ ਆਉਣ ਤੇ ਕੈਨੇਡਾ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ। ਇਸ ਨਾਲ ਭਾਰਤ ਤੇ ਕੈਨੇਡਾ ਵਿਚਕਾਰ ਹਾਈ ਕਮਿਸ਼ਨਰ ਨੂੰ ਬਹਾਲ ਕਰਨ ਲਈ ਇੱਕ ਸਮਝੌਤਾ ਹੋਇਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।