India-Canada Relations: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਦੌਰਾਨ ਖਾਲਿਸਤਾਨੀਆਂ ਦੇ ਤਿੱਖੇ ਪ੍ਰਦਰਸ਼ਨਾਂ ਨੇ ਭਾਰਤੀ ਏਜੰਸੀਆਂ ਦੇ ਫਿਕਰ ਵਧਾ ਦਿੱਤੇ ਹਨ। ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਲੋਕ ਖਾਲਿਸਤਾਨੀਆਂ ਦੇ ਪੱਖ ਵਿੱਚ ਸੜਕਾਂ ਉਪਰ ਆਏ। ਉਧਰ, ਕੈਨੇਡਾ ਨੇ ਵੀ ਪਹਿਲੀ ਵਾਰ ਸਵੀਕਾਰ ਕੀਤਾ ਹੈ ਕਿ ਖਾਲਿਸਤਾਨੀ ਉੱਥੋਂ ਵੱਖਰੇ ਮੁਲਕ ਲਈ ਮੁਹਿੰਮ ਚਲਾ ਰਹੇ ਹਨ। ਇਸ ਦੇ ਨਾਲ ਹੀ ਮਾਹਿਰਾਂ ਨੇ ਖਦਸ਼ਾ ਜਤਾਇਆ ਹੈ ਕਿ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ  ਵਧਾ ਸਕਦੀਆਂ ਹਨ।

ਦਰਅਸਲ ਕੈਨੇਡਾ ਦੀ ਚੋਟੀ ਦੀ ਖੁਫੀਆ ਏਜੰਸੀ CSIS (ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ) ਨੇ ਆਪਣੀ 2024 ਦੀ ਸਾਲਾਨਾ ਰਿਪੋਰਟ ਵਿੱਚ ਪਹਿਲੀ ਵਾਰ ਜਨਤਕ ਤੌਰ 'ਤੇ ਸਵੀਕਾਰ ਕੀਤਾ ਹੈ ਕਿ ਕੈਨੇਡਾ ਵਿਚਲੇ ਖਾਲਿਸਤਾਨੀ ਭਾਰਤ ਅੰਦਰ ਵੱਖਰੇ ਮੁਲਕ ਦੀ ਪ੍ਰਾਪਤੀ ਲਈ ਐਕਟਿਵ ਹਨ। ਉਹ ਭਾਰਤ ਵਿੱਚ ਹਥਿਆਰਬੰਦ ਸੰਘਰਸ਼, ਫੰਡ ਇਕੱਠਾ ਕਰਨ ਤੇ ਯੋਜਨਾ ਬਣਾਉਣ ਲਈ ਕੈਨੇਡਾ ਦੀ ਧਰਤੀ ਨੂੰ ਇੱਕ ਬੇਸ ਵਜੋਂ ਵਰਤਦੇ ਹਨ। ਕੈਨੇਡਾ ਦੇ ਇਸ ਖੁਲਾਸੇ ਨੇ ਭਾਰਤੀ ਏਜੰਸੀਆਂ ਦੇ ਫਿਕਰ ਵਧਾ ਦਿੱਤੇ ਹਨ।

ਉਂਝ ਇਸ ਰਿਪੋਰਟ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੈਨੇਡਾ ਨੇ ਪਹਿਲੀ ਵਾਰ 'ਅੱਤਵਾਦ' ਸ਼ਬਦ ਦੀ ਵਰਤੋਂ ਕਰਕੇ ਖਾਲਿਸਤਾਨ ਅੰਦੋਲਨ ਨੂੰ ਅੱਤਵਾਦੀ ਸੰਦਰਭ ਵਿੱਚ ਸਵੀਕਾਰ ਕੀਤਾ ਹੈ। 1985 ਦੇ ਏਅਰ ਇੰਡੀਆ ਬੰਬ ਧਮਾਕੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਖਾਲਿਸਤਾਨੀਆਂ ਵਿਰੁੱਧ ਸਰਕਾਰੀ ਪੱਧਰ 'ਤੇ ਇੰਨੇ ਸਪੱਸ਼ਟ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਰਿਪੋਰਟ ਵਿੱਚ CBKE (ਕੈਨੇਡਾ-ਅਧਾਰਤ ਖਾਲਿਸਤਾਨੀ ਕੱਟੜਪੰਥੀ) ਨੂੰ PMVE (ਰਾਜਨੀਤਕ ਤੌਰ 'ਤੇ ਪ੍ਰੇਰਿਤ ਹਿੰਸਕ ਅਤਿਵਾਦ) ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਕਿ ਭਾਰਤ ਕਈ ਸਾਲਾਂ ਤੋਂ ਦਾਅਵਾ ਕਰਦਾ ਆ ਰਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਵਰਗੇ ਖਾਲਿਸਤਾਨੀ ਪੱਖੀ ਨੇਤਾ, ਜਿਸ ਦੀ 2023 ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਖੁੱਲ੍ਹ ਕੇ ਸ਼ਾਮਲ ਰਹੇ ਹਨ। ਕੈਨੇਡੀਅਨ ਸਰਕਾਰ ਨੇ ਰਾਜਨੀਤਕ ਆਜ਼ਾਦੀ ਤੇ ਪ੍ਰਗਟਾਵੇ ਦੀ ਆੜ ਵਿੱਚ ਅਜਿਹੇ ਤੱਤਾਂ ਨੂੰ ਉਤਸ਼ਾਹਿਤ ਤੇ ਬਰਦਾਸ਼ਤ ਕੀਤਾ ਹੈ। ਹੁਣ ਜਦੋਂ CSIS ਨੇ ਅਧਿਕਾਰਤ ਤੌਰ 'ਤੇ ਭਾਰਤੀ ਚਿੰਤਾਵਾਂ ਦੀ ਪੁਸ਼ਟੀ ਕੀਤੀ ਹੈ ਤਾਂ ਭਾਰਤ ਸਰਕਾਰ ਇਸ ਨੂੰ ਆਪਣੀ ਕੂਟਨੀਤਕ ਸਥਿਤੀ ਦੀ ਜਾਇਜ਼ਤਾ ਵਜੋਂ ਪੇਸ਼ ਕਰ ਸਕਦੀ ਹੈ।

ਇਸ ਰਿਪੋਰਟ ਵਿੱਚ ਨਾ ਸਿਰਫ਼ ਖਾਲਿਸਤਾਨੀ ਤੱਤਾਂ ਨੂੰ ਸਗੋਂ ਪਾਕਿਸਤਾਨ ਨੂੰ ਵੀ ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਨੈਸ਼ਨਲ ਸਿਕਿਓਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ਼ ਪਾਰਲੀਮੈਂਟੇਰੀਅਨਜ਼ (NSICOP) ਤੇ ਪਬਲਿਕ ਇਨਕੁਆਰੀ ਇਨ ਫੋਰੇਨ ਇੰਟਰਫਰੈਂਸ (PIFI) ਦੀਆਂ ਰਿਪੋਰਟਾਂ ਨੇ ਵੀ ਪਾਕਿਸਤਾਨ ਨੂੰ ਕੈਨੇਡਾ ਦੇ ਲੋਕਤੰਤਰੀ ਸੰਸਥਾਵਾਂ ਨੂੰ ਪ੍ਰਭਾਵਿਤ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ।