India-Canada Row: ਕੈਨੇਡਾ ਨੇ ਭਾਰਤ ਵਿੱਚ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਹੈ ਤੇ ਉਨ੍ਹਾਂ ਨੂੰ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਚੌਕਸ ਰਹਿਣ ਤੇ ਸਾਵਧਾਨੀ ਵਰਤਣ ਲਈ ਕਿਹਾ ਹੈ। ਕੈਨੇਡਾ ਨੇ ਅਜਿਹਾ ਫੈਸਲਾ ਵਿਰੋਧ ਤੇ ਸੋਸ਼ਲ ਮੀਡੀਆ 'ਤੇ ਕੁਝ ਨੈਗੇਟਿਵ ਗੱਲਾਂ ਕਰਕੇ ਲਿਆ ਗਿਆ ਹੈ।



ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ ਕੈਨੇਡਾ ਨੇ ਇਹ ਟਰੈਵਲ ਐਡਵਾਈਜ਼ਰੀ ਭਾਰਤ ਵੱਲੋਂ ਕੈਨੇਡਾ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀ ਜਾਰੀ ਐਡਵਾਈਜ਼ਰੀ ਤੇ ਪਿਛਲੇ ਹਫਤੇ ਦੇ ਅਖੀਰ ਵਿੱਚ ਵੀਜ਼ਾ ਸੇਵਾਵਾਂ ਨੂੰ ਰੋਕਣ ਤੋਂ ਬਾਅਦ ਜਾਰੀ ਕੀਤੀ ਹੈ।
 
ਕੈਨੇਡਾ ਸਰਕਾਰ ਨੇ ਐਤਵਾਰ (24 ਸਤੰਬਰ) ਨੂੰ ਇੱਕ ਅਪਡੇਟ ਵਿੱਚ ਕਿਹਾ ਕਿ ਕੈਨੇਡਾ ਤੇ ਭਾਰਤ ਵਿੱਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ 'ਤੇ ਕੈਨੇਡਾ ਪ੍ਰਤੀ ਵਿਰੋਧ ਪ੍ਰਦਰਸ਼ਨ ਦੇ ਐਲਾਨ ਤੇ ਕੁਝ ਨਕਾਰਾਤਮਕ ਭਾਵਨਾਵਾਂ ਹਨ। ਕ੍ਰਿਪਾ ਕਰਕੇ ਸੁਚੇਤ ਰਹੋ ਤੇ ਸਾਵਧਾਨੀਆਂ ਵਰਤੋ।


ਦੱਸ ਦਈਏ ਕਿ ਭਾਰਤ ਸਰਕਾਰ ਨੇ ਵੀ ਆਪਣੀ ਤਰਫ ਤੋਂ ਇੱਕ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਵਿੱਚ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਸੀ। ਕੈਨੇਡਾ 'ਚ ਖਾਲਿਸਤਾਨੀ ਨੇਤਾ ਨੇ ਵੱਡੇ ਸੰਘਰਸ਼ ਦੀ ਧਮਕੀ ਦਿੱਤੀ ਸੀ। ਭਾਰਤ ਸਰਕਾਰ ਨੇ ਭਰੋਸਾ ਜਤਾਇਆ ਕਿ ਭਾਰਤ ਦਾ ਹਾਈ ਕਮਿਸ਼ਨ ਜਾਂ ਕੌਂਸਲੇਟ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਕੈਨੇਡੀਅਨ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹੇਗਾ।



ਹਾਲਾਂਕਿ, ਕੈਨੇਡੀਅਨ ਸਰਕਾਰ ਨੇ ਭਾਰਤ ਦੁਆਰਾ ਜਾਰੀ ਕੀਤੀ ਟ੍ਰੈਵਲ ਐਡਵਾਈਜ਼ਰੀ ਨੂੰ ਰੱਦ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ। ਜਦੋਂਕਿ ਕੈਨੇਡਾ ਨੇ ਸ਼ੁਰੂ ਵਿੱਚ ਟ੍ਰੈਵਲ ਐਡਵਾਈਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਅਚਾਨਕ ਸੁਰੱਖਿਆ ਸਥਿਤੀ ਦੇ ਕਾਰਨ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਕਰਨ ਤੋਂ ਬਚਣ ਲਈ ਕਿਹਾ ਸੀ।


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ 45 ਸਾਲਾ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਜਾਸੂਸਾਂ ਦੀ ਸੰਭਾਵੀ ਸ਼ਮੂਲੀਅਤ ਬਾਰੇ ਬਹੁਤ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਤੇ ਕੈਨੇਡਾ ਦਰਮਿਆਨ ਤਣਾਅ ਵਧ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।