ਭਾਰਤੀ ਫੌਜ 'ਚ ਨੇਪਾਲ ਦੇ ਗੋਰਖਾ ਸਿਪਾਹੀਆਂ ਦੀ ਭਰਤੀ ਰੁਕਣ ਦਾ ਲਾਭ ਹੁਣ ਇੰਗਲੈਂਡ ਲੈ ਰਿਹਾ ਹੈ। ਬ੍ਰਿਟਿਸ਼ ਫੌਜ ਵੱਲੋਂ ਗੋਰਖਾ ਭਾਈਚਾਰੇ ਲਈ ਨਵੀਂ ਗੋਰਖਾ ਰੇਜੀਮੈਂਟ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਬ੍ਰਿਟਿਸ਼ ਆਰਮੀ 'ਚ ਪਹਿਲਾਂ ਹੀ ਗੋਰਖਾ ਰੇਜੀਮੈਂਟ ਮੌਜੂਦ ਹੈ, ਪਰ ਭਾਰਤ ਵੱਲੋਂ ਭਰਤੀ ਰੋਕਣ ਤੋਂ ਬਾਅਦ ਹੁਣ ਇਕ ਨਵੀਂ ਤੋਪਖਾਨਾ ਰੇਜੀਮੈਂਟ ਖੜੀ ਕੀਤੀ ਜਾ ਰਹੀ ਹੈ।
ਅਗਨੀਵੀਰ ਯੋਜਨਾ ਦੇ ਵਿਰੋਧ 'ਚ ਨੇਪਾਲ ਨੇ ਭਾਰਤੀ ਫੌਜ 'ਚ ਗੋਰਖਾ ਨੌਜਵਾਨਾਂ ਦੀ ਭਰਤੀ 'ਤੇ ਰੋਕ ਲਾ ਦਿੱਤੀ ਹੈ। ਭਾਰਤੀ ਫੌਜ 'ਚ ਗੋਰਖਾ ਭਾਈਚਾਰੇ ਦੀਆਂ 7 ਰੇਜੀਮੈਂਟਾਂ ਹਨ। ਇਨ੍ਹਾਂ 'ਚ ਨੇਪਾਲ ਅਤੇ ਭਾਰਤ ਮੂਲ ਦੇ ਗੋਰਖਾ ਨੌਜਵਾਨ ਭਰਤੀ ਹੋ ਸਕਦੇ ਸਨ, ਪਰ ਹੁਣ ਸਿਰਫ਼ ਭਾਰਤੀ ਮੂਲ ਦੇ ਗੋਰਖਾ ਨੌਜਵਾਨ ਹੀ ਇਨ੍ਹਾਂ ਰੇਜੀਮੈਂਟਾਂ 'ਚ ਭਰਤੀ ਹੋ ਰਹੇ ਹਨ।
ਅਗਨੀਵੀਰ ਯੋਜਨਾ ਤੋਂ ਬਾਅਦ ਭਰਤੀ ਦੇ ਨਿਯਮ ਬਦਲੇ ਗਏ
ਸਾਲ 2022 'ਚ ਭਾਰਤੀ ਫੌਜ 'ਚ ਨੌਜਵਾਨਾਂ ਦੀ ਭਰਤੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਸੀ। ਨਵੇਂ ਨਿਯਮਾਂ ਦੇ ਅਧੀਨ ਹੁਣ ਭਾਰਤੀ ਫੌਜ 'ਚ ਅਗਨੀਵੀਰ ਯੋਜਨਾ ਲਾਗੂ ਕੀਤੀ ਗਈ ਹੈ। ਇਸ ਤਹਿਤ ਫੌਜੀ ਪਹਿਲਾਂ ਚਾਰ ਸਾਲ ਲਈ "ਅਗਨੀਵੀਰ" ਵਜੋਂ ਸੇਵਾ ਦੇਣਗੇ। ਚਾਰ ਸਾਲਾਂ ਦੀ ਸੇਵਾ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਜਿਸ 'ਚੋਂ ਸਿਰਫ 25 ਫੀਸਦੀ ਨੌਜਵਾਨਾਂ ਨੂੰ ਹੀ ਅੱਗੇ ਰੈਗੂਲਰ ਫੌਜੀ ਬਣਨ ਲਈ ਚੁਣਿਆ ਜਾਵੇਗਾ। ਬਾਕੀਆਂ ਨੂੰ ਫੌਜ ਛੱਡ ਕੇ ਆਮ ਨਾਗਰਿਕ ਵਾਂਗ ਹੋਰ ਨੌਕਰੀਆਂ ਜਾਂ ਧੰਦੇ ਦੀ ਆਜ਼ਾਦੀ ਮਿਲੇਗੀ।
ਭਾਰਤੀ ਫੌਜ 'ਚ 40 ਹਜ਼ਾਰ ਗੋਰਖਾ ਸਿਪਾਹੀ
ਨੇਪਾਲ ਸਰਕਾਰ ਨੇ ਭਾਰਤੀ ਫੌਜ ਦੀ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਹੈ। ਆਜ਼ਾਦੀ ਦੇ ਬਾਅਦ (1947) ਤੋਂ ਭਾਰਤੀ ਫੌਜ 'ਚ ਨੇਪਾਲ ਦੇ ਗੋਰਖਾ ਨੌਜਵਾਨਾਂ ਦੀ ਭਰਤੀ ਲਗਾਤਾਰ ਚੱਲਦੀ ਆ ਰਹੀ ਸੀ। ਇਸ ਵੇਲੇ ਭਾਰਤੀ ਫੌਜ 'ਚ ਗੋਰਖਾ ਸਿਪਾਹੀਆਂ ਦੀਆਂ 7 ਵੱਖ-ਵੱਖ ਰੇਜੀਮੈਂਟਾਂ ਹਨ (ਕੁੱਲ 39 ਬਟਾਲੀਅਨਾਂ), ਜਿਨ੍ਹਾਂ 'ਚ ਕਰੀਬ 40 ਹਜ਼ਾਰ ਗੋਰਖਾ ਸਿਪਾਹੀ ਸੇਵਾ ਨਿਭਾ ਰਹੇ ਹਨ। ਇਨ੍ਹਾਂ ਵਿੱਚੋਂ ਲਗਭਗ 60 ਫੀਸਦੀ ਨੇਪਾਲੀ ਮੂਲ ਦੇ ਹਨ, ਪਰ ਪਿਛਲੇ ਤਿੰਨ ਸਾਲਾਂ ਤੋਂ ਨੇਪਾਲੀ ਗੋਰਖਿਆਂ ਦੀ ਭਰਤੀ ਲਗਭਗ ਬੰਦ ਹੋ ਚੁੱਕੀ ਹੈ।
ਬ੍ਰਿਟੇਨ ਵੱਲੋਂ ਨਵੀਂ ਗੋਰਖਾ ਰੇਜੀਮੈਂਟ ਬਣਾਉਣ ਦੀ ਘੋਸ਼ਣਾ
ਬਰਤਾਨਵੀ ਫੌਜ ਨੇ ਨਵੀਂ ਆਰਟਿਲਰੀ (ਤੋਪਖਾਨਾ) ਗੋਰਖਾ ਰੇਜੀਮੈਂਟ ਬਣਾਉਣ ਦੀ ਘੋਸ਼ਣਾ ਕੀਤੀ ਹੈ। ਇਸ ਲਈ ਇੰਗਲੈਂਡ ਦੇ ਰਾਜਾ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵੀਂ ਰੇਜੀਮੈਂਟ “ਕਿੰਗਜ਼ ਗੋਰਖਾ ਆਰਟਿਲਰੀ (ਕੇਜੀਏ)” ਨਾਂ ਨਾਲ ਜਾਣੀ ਜਾਵੇਗੀ।
ਅਗਲੇ ਚਾਰ ਸਾਲਾਂ ਵਿਚ ਇੰਗਲੈਂਡ ਦੀ ਕੇਜੀਏ ਰੇਜੀਮੈਂਟ 'ਚ ਲਗਭਗ 400 ਸਿਪਾਹੀਆਂ ਦੀ ਭਰਤੀ ਹੋਣ ਦੀ ਸੰਭਾਵਨਾ ਹੈ। ਕੇਜੀਏ ਦੇ ਬੈਜ 'ਚ ਨੇਪਾਲ ਦੀਆਂ ਦੋ ਖੁਖਰੀਆਂ ਅਤੇ ਇਕ ਤੋਪ ਨੂੰ ਦਰਸਾਇਆ ਗਿਆ ਹੈ।