Pok Jail: ਪਾਕਿਸਤਾਨ ਦੀਆਂ ਸਾਰੀਆਂ ਜੇਲ੍ਹਾਂ ਨੂੰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਭਾਰਤ ਦਾ ਮੋਸਟ ਵਾਂਟੇਡ ਅੱਤਵਾਦੀ ਪਾਕਿਸਤਾਨ ਦੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ। ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਇੱਕ ਜੇਲ੍ਹ ਵਿੱਚ ਬੰਦ ਸੀ।


ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਿਸ ਵਿਚ 18 ਹੋਰ ਕੈਦੀ ਵੀ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਕੈਦੀਆਂ ਨੇ ਬੰਦੂਕ ਦੀ ਨੋਕ 'ਤੇ ਗਾਰਡ ਨੂੰ ਕਾਬੂ ਕੀਤਾ ਅਤੇ ਮੇਨ ਗੇਟ ਤੋੜ ਕੇ ਫਰਾਰ ਹੋ ਗਏ। ਇਹ ਘਟਨਾ ਪੁੰਛ ਦੀ ਰਾਵਲਕੋਟ ਜੇਲ੍ਹ ਵਿੱਚ ਮੰਗਲਵਾਰ ਦੁਪਹਿਰ ਢਾਈ ਵਜੇ ਵਾਪਰੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਰਾਰ ਹੋਏ 18 ਕੈਦੀਆਂ 'ਚੋਂ 6 ਮੌਤ ਦੀ ਸਜ਼ਾ 'ਤੇ ਸਨ ਅਤੇ ਬਾਕੀ ਤਿੰਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਭੱਜਣ ਵੇਲੇ ਇਕ ਹੋਰ ਕੈਦੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਪੰਜ ਸਾਲ ਦੀ ਸਜ਼ਾ ਕੱਟ ਰਿਹਾ ਸੀ। ਮ੍ਰਿਤਕ ਦੀ ਪਛਾਣ ਖ਼ੱਯਾਮ ਸਈਦ ਵਜੋਂ ਹੋਈ ਹੈ। ਸਈਦ 5 ਸਾਲ ਦੀ ਸਜ਼ਾ ਕੱਟ ਰਿਹਾ ਸੀ। ਫਰਾਰ ਹੋਣ ਵਾਲੇ ਛੇ ਮੌਤ ਦੀ ਸਜ਼ਾ ਵਾਲੇ ਕੈਦੀ ਸਨ, ਜਿਨ੍ਹਾਂ ਵਿੱਚ ਸਾਕਿਬ ਮਜੀਦ, ਉਸਮਾਨ ਇਕਰਾਰ, ਸ਼ਮੀਰ ਆਜ਼ਮ, ਅਮੀਰ ਅਬਦੁੱਲਾ, ਫੈਜ਼ਲ ਹਮੀਦ ਅਤੇ ਨਜ਼ੀਰ ਯਾਸੀਨ ਸ਼ਾਮਲ ਹੈ।


ਸਮਾ ਟੀਵੀ ਦੇ ਮੁਤਾਬਕ ਇਸ ਘਟਨਾ ਤੋਂ ਬਾਅਦ ਰਾਵਲਕੋਟ ਜੇਲ੍ਹ ਦੇ ਡਿਪਟੀ ਸੁਪਰਡੈਂਟ ਸਮੇਤ 7 ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸੁਰੱਖਿਆ ਉਲੰਘਣਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਜੇਲ੍ਹ ਮੁਖੀ ਅਤੇ ਹੋਰ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਸੁਰੱਖਿਆ ਵਿੱਚ ਢਿੱਲ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀਆਂ ਸਾਰੀਆਂ ਜੇਲ੍ਹਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।


ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫਰਾਰ ਹੋਏ ਹੋਰ ਕੈਦੀਆਂ ਵਿਚ ਗਾਜ਼ੀ ਸ਼ਹਿਜ਼ਾਦ ਵੀ ਸ਼ਾਮਲ ਸੀ। ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਗਾਜ਼ੀ ਸ਼ਹਿਜ਼ਾਦ ਪਾਬੰਦੀਸ਼ੁਦਾ ਸੰਗਠਨ ਦਾ ਮੈਂਬਰ ਹੈ ਅਤੇ ਭਾਰਤ ਦਾ ਮੋਸਟ ਵਾਂਟੇਡ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਜੇਲ੍ਹ ਤੋੜਨ ਦਾ ਮਾਸਟਰਮਾਈਂਡ ਹੈ। ਪੁਲਿਸ ਦੀਆਂ ਟੀਮਾਂ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ। ਸਥਾਨਕ ਪੁਲਿਸ ਮੁਖੀ ਰਿਆਜ਼ ਮੁਗਲ ਨੇ ਦੱਸਿਆ ਕਿ ਜੇਲ੍ਹ ਤੋੜਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕੁਝ ਜੇਲ੍ਹ ਅਧਿਕਾਰੀਆਂ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਹਾਈ ਰਿਸਕ ਕੈਦੀਆਂ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਗਿਆ ਹੈ।