ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤ-ਪਾਕਿਸਤਾਨ ‘ਚ ਪੈਦਾ ਹੋਏ ਤਣਾਅ ਦਾ ਅਸਰ ਦੋਵਾਂ ਦੇਸ਼ਾਂ ‘ਚ ਆਉਣ-ਜਾਣ ਵਾਲੇ ਨਾਗਰਿਕਾਂ ‘ਤੇ ਪਵੇਗਾ। ਦੋਵਾਂ ਦੇਸਾਂ ‘ਚ ਆਉਣ-ਜਾਣ ਵਾਲੇ ਨਾਗਰਿਕਾਂ ਨੂੰ ਪੈਦਲ ਹੀ ਬਾਰਡਰ ਪਾਰ ਕਰਨਾ ਪਵੇਗਾ, ਕਿਉਂਕਿ ਦੋਵਾਂ ਦੇਸ਼ਾਂ ਨੇ ਆਪਣੀ ਬੱਸ ਤੇ ਰੇਲ ਯਾਤਰਾ ਨੂੰ ਬੰਦ ਕਰ ਦਿੱਤਾ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪੈਦਲ ਬਾਰਡਰ ਪਾਰ ਕਰਨ ਦਾ ਵੀਜ਼ਾ ਮਿਲ ਪਾਏਗਾ।

ਦੋਵਾਂ ਦੇਸ਼ਾਂ ਤੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਭਾਰਤ-ਪਾਕਿਸਤਾਨ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ‘ਚ ਵੱਸਦੇ ਰਿਸ਼ਤੇਦਾਰਾਂ ਨੂੰ ਮਿਲਣ ਵੀ ਪਾਕਿ ਨਾਗਰਿਕ ਆਉਂਦੇ ਰਹਿੰਦੇ ਹਨ। ਹੁਣ ਦੋਵਾਂ ਦੇਸ਼ਾਂ ‘ਚ ਆਵਾਜਾਈ ਸੁਵਿਧਾ ਬੰਦ ਹੋਣ ਤੋਂ ਬਾਅਦ ਇਨ੍ਹਾਂ ਨਾਗਰਿਕਾਂ ਨੂੰ ਅਟਾਰੀ-ਵਾਹਗਾ ਬਾਰਡਰ ‘ਤੇ ਜ਼ੀਰੋ ਲਾਈਨ ਪੈਦਲ ਬਾਰਡਰ ਪਾਰ ਕਰਨਾ ਪਵੇਗਾ।

ਇਸ ਤੋਂ ਪਹਿਲਾਂ ਇਹ ਨਾਗਰਿਕ ਦਿੱਲੀ ਤੇ ਲਾਹੌਰ ਤੋਂ ਚੱਲਣ ਵਾਲੀ ਬੱਸਾਂ ਤੇ ਰੇਲ ਦਾ ਫਾਇਦਾ ਚੁੱਕਦੇ ਸੀ, ਪਰ ਹੁਣ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਰਡਰ ਪਾਰ ਕਰਨ ਲਈ ਆਪਣੇ ਆਪ ਭਾਰਤ ‘ਚ ਅਟਾਰੀ ਤੇ ਪਾਕਿਸਤਾਨ ‘ਚ ਵਾਹਘਾ ਪਹੁੰਚਣਾ ਪਵੇਗਾ। ਇਸ ਨਾਲ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦਾ ਖ਼ਰਚ ਤੇ ਸਫ਼ਰ ਦੀ ਪ੍ਰੇਸ਼ਾਨੀ ਦੋਵੇਂ ਵਧਣਗੀਆਂ।