ਨਵੀਂ ਦਿੱਲੀ: ਅਮਰੀਕਾ ਵੱਲੋਂ ਪਾਕਿਸਤਾਨੀ ਫ਼ੌਜ ਨੂੰ 865 ਕਰੋੜ ਰੁਪਏ ਦੀ ਮਦਦ ਦੇਣ ਦੇ ਫੈਸਲੇ ਨੂੰ ਭਾਰਤ ਨੇ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਮਾਮਲੇ ਨੂੰ ਦਿੱਲੀ ਸਥਿਤ ਅਮਰੀਕੀ ਰਾਜਦੂਤ ਤੇ ਵਾਸ਼ਿੰਗਟਨ ਵਿੱਚ ਟਰੰਪ ਪ੍ਰਸ਼ਾਸਨ ਦੇ ਸਾਹਮਣੇ ਵੀ ਚੁੱਕਿਆ ਹੈ।

ਖ਼ਬਰ ਏਜੰਸੀ ਦੇ ਸੂਤਰਾਂ ਮੁਤਾਬਕ ਅਮਰੀਕੀ ਰਾਜਦੂਤ ਨੂੰ ਸਾਊਥ ਬਲਾਕ ਵਿੱਚ ਬੁਲਾ ਕੇ ਇਸ ਮਾਮਲੇ 'ਤੇ ਵਿਰੋਧ ਦਰਜ ਕਰਵਾਇਆ। ਦਰਅਸਲ, ਅਮਰੀਕੀ ਰੱਖਿਆ ਵਿਭਾਗ ਯਾਨੀ ਪੈਂਟਾਗਨ ਨੇ ਪਿਛਲੇ ਹਫ਼ਤੇ ਹੀ ਸੰਸਦ ਨੂੰ ਦੱਸਿਆ ਕਿ ਉਹ ਪਾਕਿ ਨੂੰ ਐਫ-16 ਫਾਈਟਰ ਜੈੱਟ ਦੀ ਨਿਗਰਾਨੀ ਲਈ 865 ਕਰੋੜ ਰੁਪਏ ਦੇਵੇਗਾ। ਪੈਂਟਾਗਨ ਦਾ ਇਹ ਫੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮੁਲਾਕਾਤ ਤੋਂ ਬਾਅਦ ਆਇਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਮਦਦ ਸਿਰਫ ਇਸ ਲਈ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਐਫ-16 ਲੜਾਕੂ ਜਹਾਜ਼ਾਂ ਦਾ ਰੱਖ-ਰਖਾਅ ਤੇ ਤਕਨੀਕੀ ਸੰਚਾਲਨ ਸਬੰਧੀ ਸਮੱਸਿਆਵਾਂ ਨੂੰ ਠੀਕ ਕਰ ਸਕੇ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਰੱਖਿਆ ਸਹਿਯੋਗ ਦੇਣ ਦੇ ਮਾਮਲੇ 'ਤੇ ਜਨਵਰੀ 2018 ਵਿੱਚ ਰੋਕ ਲਾ ਦਿੱਤੀ ਸੀ। ਪਰ ਹੁਣ ਇਸ 'ਚੋਰ ਮੋਰੀ' ਰਾਹੀਂ ਅਮਰੀਕਾ ਨੇ ਪਾਕਿ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ ਹੈ।