lawrence bishnoi: ਕੈਨੇਡੀਅਨ ਪੁਲਿਸ ਨੇ ਭਾਰਤੀ ਅਧਿਕਾਰੀਆਂ ਉੱਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ (lawrence bishnoi) ਦਾ ਜ਼ਿਕਰ ਕੀਤਾ। ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਏ ਜਾਣ ਦੇ ਕੁਝ ਘੰਟਿਆਂ ਬਾਅਦ, RCMP ਯਾਨੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (Royal Canadian Mounted Police) ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਦਹਿਸ਼ਤ ਫੈਲਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੰਮ ਕਰ ਰਹੇ ਹਨ।


ਮੀਡੀਆ ਰਿਪੋਰਟਾਂ ਅਨੁਸਾਰ RCMP ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੌਬਿਨ (Brigitte Gauvin) ਨੇ ਦੋਸ਼ ਲਾਇਆ, 'ਅਸੀਂ ਦੇਖਿਆ ਹੈ ਕਿ ਸੰਗਠਿਤ ਅਪਰਾਧੀ ਤੱਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਖ਼ਾਸ ਤੌਰ 'ਤੇ ਇੱਕ ਗੈਂਗ ਇਸ ਲਈ ਜ਼ਿੰਮੇਵਾਰ ਹੈ। ਬਿਸ਼ਨੋਈ ਗੈਂਗ ਭਾਰਤ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ। ਭਾਰਤ ਨੇ ਕੈਨੇਡਾ ਦੇ 'ਬੇਬੁਨਿਆਦ ਦੋਸ਼ਾਂ' ਦਾ ਖੰਡਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਉਸ ਨੂੰ ਜਵਾਬ ਵਿੱਚ ਹੋਰ ਕਦਮ ਚੁੱਕਣ ਦਾ ਵੀ ਅਧਿਕਾਰ ਹੈ।



ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਵਿੱਚ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਪਿਛਲੇ ਸਾਲ ਇੱਕ ਸਿੱਖ ਵੱਖਵਾਦੀ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਸਰਕਾਰ ਅਜਿਹੇ ਆਪਰੇਸ਼ਨਾਂ ਲਈ ਲਾਰੈਂਸ ਬਿਸ਼ਨੋਈ ਦੀ ਵਰਤੋਂ ਕਰ ਰਹੀ ਹੈ। 


ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਸ਼ੱਕੀ ਸਿੱਖ ਵੱਖਵਾਦੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਦੇ ਹਨ, ਜੋ ਕਿ ਫਿਰ ਰਾਅ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਬਿਸ਼ਨੋਈ ਦੀ ਅਗਵਾਈ ਵਾਲੇ ਗਰੋਹ ਦੇ ਨਿਸ਼ਾਨੇ ਦੀ ਪਛਾਣ ਕੀਤੀ ਜਾ ਸਕੇ।


ਸਥਾਨਕ ਪੁਲਿਸ ਮੁਤਾਬਕ, ਸਤੰਬਰ 2023 ਤੋਂ ਹੁਣ ਤੱਕ ਉਨ੍ਹਾਂ ਨੇ ਘੱਟੋ-ਘੱਟ 13 ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ, 'ਕਤਲ ਮਾਮਲੇ 'ਚ ਕਰੀਬ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ 22 ਲੋਕਾਂ ਨੂੰ ਫਿਰੌਤੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।



ਭਾਰਤੀ ਡਿਪਲੋਮੈਟਾਂ ਬਾਰੇ, ਉਨ੍ਹਾਂ ਇਲਜ਼ਾਮ ਲਗਾਇਆ, 'ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਅਤੇ ਹੋਰ ਕੌਂਸਲਰ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਦਾ ਫਾਇਦਾ ਉਠਾਇਆ ਅਤੇ ਭਾਰਤ ਸਰਕਾਰ ਲਈ ਸਿੱਧੇ ਜਾਂ ਸਹਿਯੋਗੀਆਂ ਦੀ ਮਦਦ ਨਾਲ ਗੁਪਤ ਗਤੀਵਿਧੀਆਂ ਵਿੱਚ ਹਿੱਸਾ ਲਿਆ ਸ਼ਾਮਲ ਹਨ।'