India Canada Conflict: ਕੈਨੇਡਾ ਤੇ ਭਾਰਤ ਵਿਚਾਲੇ ਮੁੜ ਖੜਕ ਗਈ ਹੈ। ਕੈਨੇਡਾ ਤੋਂ ਪਰਤੇ ਭਾਰਤੀ ਰਾਜਦੂਤ ਸੰਜੇ ਕੁਮਾਰ ਵਰਮਾ ਨੇ ਕੈਨੇਡਾ ਤੇ ਉੱਥੇ ਮੌਜੂਦ ਖਾਲਿਸਤਾਨੀ ਸਮਰਥਕਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸੰਜੇ ਕੁਮਾਰ ਵਰਮਾ ਦਾ ਕਹਿਣਾ ਹੈ ਕਿ ਖਾਲਿਸਤਾਨ ਪੱਖੀ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀਐਸਆਈਐਸ) ਲਈ ਇੱਕ ਕੀਮਤੀ ਸੰਪਤੀ ਹਨ।
ਕੈਨੇਡਾ ਸਥਿਤ ਸੀਟੀਵੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਵਰਮਾ ਨੇ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਨੇ ਹਮੇਸ਼ਾ ਖਾਲਿਸਤਾਨੀ ਕੱਟੜਪੰਥੀਆਂ ਨੂੰ ਹੱਲਾਸ਼ੇਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਜਾਣਦਾ ਹਾਂ ਕਿ ਇਨ੍ਹਾਂ ਵਿੱਚੋਂ ਕੁਝ ਖਾਲਿਸਤਾਨੀ ਕੱਟੜਪੰਥੀ ਸੀਐਸਆਈਐਸ ਦੀ ਅਹਿਮ ਸੰਪਤੀ ਹਨ, ਮੈਂ ਫਿਰ ਤੋਂ ਕੋਈ ਸਬੂਤ ਨਹੀਂ ਦੇ ਰਿਹਾ ਹਾਂ।
ਦਰਅਸਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਦੋਸ਼ ਲਾਇਆ ਸੀ ਕਿ ਖਾਲਿਸਤਾਨੀ ਲੀਡਰ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਸਨ। ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਤੇ ਪ੍ਰੇਰਿਤ ਦੱਸਿਆ ਸੀ। ਭਾਰਤ ਨੇ ਕੈਨੇਡੀਅਨ ਸਰਕਾਰ ਨੂੰ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਲਈ ਠੋਸ ਸਬੂਤ ਦੇਣ ਲਈ ਕਿਹਾ ਸੀ ਪਰ ਟਰੂਡੋ ਅਜਿਹਾ ਨਹੀਂ ਕਰ ਸਕੇ। ਇਸ ਤੋਂ ਬਾਅਦ ਪਿਛਲੇ ਹਫ਼ਤੇ ਕੈਨੇਡੀਅਨ ਪੀਐਮ ਟਰੂਡੋ ਨੇ ਭਾਰਤ ਸਰਕਾਰ 'ਤੇ ਹੋਰ ਵੀ ਕਈ ਗੰਭੀਰ ਦੋਸ਼ ਲਾਏ ਹਨ।
ਕੈਨੇਡਾ ਸਰਕਾਰ ਨੇ ਨਿੱਝਰ ਕਤਲ ਕਾਂਡ ਦੀ ਜਾਂਚ ਵਿੱਚ ਸੀਨੀਅਰ ਡਿਪਲੋਮੈਟਾਂ ਨੂੰ ਪਰਸਨ ਆਫ ਇੰਟਰਸਟ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਵਿਗੜ ਗਏ। ਭਾਰਤ ਨੇ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਪਿਛਲੇ ਹਫਤੇ ਇੱਕ ਭਾਸ਼ਣ ਵਿੱਚ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਦੇ ਦਾਅਵੇ ਖੁਫੀਆ ਜਾਣਕਾਰੀ 'ਤੇ ਅਧਾਰਤ ਹਨ, ਨਾ ਕਿ ਠੋਸ ਸਬੂਤਾਂ 'ਤੇ।
ਵਰਮਾ ਨੇ ਕਿਹਾ ਕਿ "ਅਸੀਂ ਚਾਹੁੰਦੇ ਹਾਂ ਕਿ ਮੌਜੂਦਾ ਕੈਨੇਡੀਅਨ ਸਰਕਾਰ ਸਾਡੀਆਂ ਮੁੱਖ ਚਿੰਤਾਵਾਂ ਨੂੰ ਇਮਾਨਦਾਰੀ ਨਾਲ ਸਮਝੇ, ਤੇ ਉਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਨਾ ਕਰੇ ਜੋ ਭਾਰਤੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।" ਉਨ੍ਹਾਂ ਕਿਹਾ ਕਿ ਖਾਲਿਸਤਾਨੀ ਕੱਟੜਪੰਥੀ ਕੈਨੇਡੀਅਨ ਨਾਗਰਿਕ ਹਨ ਜੋ ਕਿਸੇ ਹੋਰ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇ ਰਹੇ ਹਨ।
ਉਨ੍ਹਾਂ ਕਿਹਾ, "ਭਾਰਤ ਵਿੱਚ ਜੋ ਹੁੰਦਾ ਹੈ, ਉਹ ਭਾਰਤੀ ਨਾਗਰਿਕ ਤੈਅ ਕਰਨਗੇ। ਇਹ ਖਾਲਿਸਤਾਨੀ ਭਾਰਤੀ ਨਾਗਰਿਕ ਨਹੀਂ ਹਨ, ਇਹ ਕੈਨੇਡੀਅਨ ਨਾਗਰਿਕ ਹਨ ਤੇ ਕਿਸੇ ਵੀ ਦੇਸ਼ ਨੂੰ ਆਪਣੇ ਨਾਗਰਿਕਾਂ ਨੂੰ ਦੂਜੇ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।"