ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਭਾਰਤ ਤੇ ਚੀਨ ਦੇ ਜਵਾਨ ਆਹਮੋ-ਸਾਹਮਣੇ ਹੋ ਗਏ। ਫੌਜ ਦੇ ਸੂਤਰਾਂ ਮੁਤਾਬਕ ਬੁੱਧਵਾਰ ਨੂੰ ਭਾਰਤੀ ਜਵਾਨ ਪੇਂਗੋਂਗ ਝੀਲ ਦੇ ਉੱਤਰੀ ਹਿੱਸੇ ਵਿੱਚ ਗਸ਼ਤ ਕਰਨ ਲਈ ਨਿਕਲੇ ਸੀ, ਜਿਸ ਦਾ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਦੋਹਾਂ ਫ਼ੌਜਾਂ ਦਰਮਿਆਨ ਤਣਾਓ ਘਟਾਉਣ ਲਈ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀਆਂ ਦੀ ਫਲੈਗ ਮੀਟਿੰਗ ਕੀਤੀ ਗਈ।


ਫਲੈਗ ਮੀਟਿੰਗ ਵਿੱਚ ਚੀਨੀ ਫੌਜਾਂ ਪਿੱਛੇ ਹਟਣ ਲਈ ਰਾਜ਼ੀ ਹੋ ਗਈਆਂ ਤੇ ਟਕਰਾਅ ਖਤਮ ਹੋਇਆ। ਚੀਨ ਲਗਾਤਾਰ ਕੰਟਰੋਲ ਰੇਖਾ (ਐਲਏਸੀ) ਦੀ ਉਲੰਘਣਾ ਕਰਦਾ ਆ ਰਿਹਾ ਹੈ। ਪਿਛਲੇ ਸਾਲ ਜੁਲਾਈ ਵਿੱਚ ਚੀਨੀ ਫੌਜਾਂ ਨੇ ਲੱਦਾਖ ਦੇ ਉੱਤਰੀ ਹਿੱਸੇ ਵਿੱਚ ਘੁਸਪੈਠ ਕਰਕੇ ਤੰਬੂ ਲਾਏ ਸੀ।


ਭਾਰਤੀ ਫੌਜ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਸਾਡੇ ਜਵਾਨ ਭਾਰਤੀ ਸਰਹੱਦ ਵਿੱਚ ਸੀ। ਇਸ ਲਈ ਚੀਨ ਦੀ ਇਤਰਾਜ਼ ਦੇ ਬਾਵਜੂਦ ਉਥੇ ਡਟੇ ਰਹੇ। ਪੇਂਗੋਂਗ ਝੀਲ ਦਾ ਕਾਫ਼ੀ ਹਿੱਸਾ ਵਿਵਾਦਿਤ ਹੈ। ਇਸ ਦਾ ਦੋ ਤਿਹਾਈ ਹਿੱਸਾ ਚੀਨ ਦੇ ਕਬਜ਼ੇ ਵਾਲੇ ਤਿੱਬਤ ਵਿੱਚ ਹੈ। ਬਾਕੀ ਭਾਰਤੀ ਸਰਹੱਦ ਵਿੱਚ ਹੈ।


ਇਸ ਝੀਲ ਦੀ ਸੀਮਾ ਦੀ ਲੰਬਾਈ ਲਗਪਗ 134 ਕਿਲੋਮੀਟਰ ਹੈ। ਚੀਨ ਨੇ ਝੀਲ ਦੇ ਉੱਤਰੀ ਹਿੱਸੇ ਵਿੱਚ ਭਾਰਤੀ ਜਵਾਨਾਂ ਦੀ ਮੌਜੂਦਗੀ ਉੱਤੇ ਇਤਰਾਜ਼ ਜਤਾਇਆ ਸੀ। ਦੋਵਾਂ ਫੌਜਾਂ ਵਿਚਾਲੇ ਹੋਈ ਫਲੈਗ ਮੀਟਿੰਗ ਵਿੱਚ ਚੀਨੀ ਪਿੱਛੇ ਹਟਣ ਲਈ ਸਹਿਮਤ ਹੋ ਗਏ।


ਦੱਸ ਦੇਈਏ ਭਾਰਤੀ ਫੌਜ ਦੀ ਮਾਊਂਟੇਨ ਸਟ੍ਰਾਈਕ ਕੋਰ ਦੇ ਪੰਜ ਹਜ਼ਾਰ ਤੋਂ ਵੱਧ ਜਵਾਨ ਅਕਤੂਬਰ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸਰਹੱਦ ਨੇੜੇ ਯੁੱਧ ਅਭਿਆਸ ਕਰਨਗੇ। ਇਹ ਫੌਜਾਂ ਦੇਸ਼ ਦੇ ਪੂਰਬੀ ਮੋਰਚੇ 'ਤੇ ਯੁੱਧ ਵਰਗੀ ਸਥਿਤੀ ਦਾ ਅਭਿਆਸ ਕਰਨ ਲਈ ਤਾਇਨਾਤ ਕੀਤੀਆਂ ਜਾਣਗੀਆਂ।